ਕਿਊਬਿਕ— ਕੈਨੇਡਾ ਦੇ ਸੂਬੇ ਕਿਊਬਿਕ ‘ਚ ਸੋਮਵਾਰ ਦੀ ਰਾਤ ਨੂੰ ਤੇਜ਼ ਤੂਫਾਨ ਆਉਣ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ। ਤੇਜ਼ ਤੂਫਾਨ ਕਾਰਨ ਹਜ਼ਾਰਾਂ ਲੋਕਾਂ ਨੂੰ ਬਿਨਾਂ ਬਿਜਲੀ ਦੇ ਕਈ ਘੰਟਿਆਂ ਤੱਕ ਰਹਿਣ ਲਈ ਮਜ਼ਬੂਰ ਹੋਣਾ ਪਿਆ। ਸੋਮਵਾਰ ਸਥਾਨਕ ਸਮੇਂ ਅਨੁਸਾਰ ਰਾਤ 11.30 ਵਜੇ ਦੇ ਕਰੀਬ ਆਏ ਤੂਫਾਨ ਕਾਰਨ ਕਈ ਸਾਰੇ ਦਰੱਖਤ ਟੁੱਟ ਕੇ ਬਿਜਲੀ ਦੀਆਂ ਤਾਰਾਂ ‘ਤੇ ਡਿੱਗ ਪਏ, ਜਿਸ ਕਾਰਨ ਬਿਜਲੀ ਸਪਲਾਈ ਠੱਪ ਹੋ ਗਈ।
ਵਾਤਾਵਰਣ ਕੈਨੇਡਾ ਵਲੋਂ ਕਿਊਬਿਕ ‘ਚ ਗਰਮ ਹਵਾਵਾਂ ਚੱਲਣ ਦੀ ਚਿਤਾਵਨੀ ਸ਼ੁੱਕਰਵਾਰ ਨੂੰ ਜਾਰੀ ਕੀਤੀ ਗਈ ਸੀ। ਬਿਜਲੀ ਸਪਲਾਈ ਠੱਪ ਹੋਣ ਕਾਰਨ ਵੱਡੀ ਗਿਣਤੀ ‘ਚ ਘਰ ਹਨ੍ਹੇਰੇ ਵਿਚ ਡੁੱਬ ਗਏ। ਓਧਰ ਹਾਈਡਰੋ ਕਿਊਬਿਕ ਨੇ ਕਿਹਾ ਕਿ ਤਕਰੀਬਨ 11,000 ਗਾਹਕ ਬਿਨਾਂ ਬਿਜਲੀ ਦੇ ਰਹਿਣ ਨੂੰ ਮਜ਼ਬੂਰ ਹੋਏ ਅਤੇ 9,000 ਪੱਛਮੀ ਕਿਊਬਿਕ ਦੇ ਆਊਟਵਾਊਸ ਖੇਤਰ ‘ਚ ਲੋਕਾਂ ਨੂੰ ਬਿਜਲੀ ਸਪਲਾਈ ਠੱਪ ਹੋਣ ਕਾਰਨ ਪਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ। ਹਾਈਡਰੋ ਕਿਊਬਿਕ ਨੇ ਕਿਹਾ ਕਿ ਬਿਜਲੀ ਸੇਵਾ ਨੂੰ ਮੁੜ ਬਹਾਲ ਕਰਨ ਲਈ 80 ਮੁਰੰਮਤ ਕਰਮਚਾਰੀ ਖੇਤਰ ਵਿਚ ਹਨ ਪਰ ਅਜੇ ਤੱਕ ਪੂਰੀ ਤਰ੍ਹਾਂ ਬਿਜਲੀ ਸਪਲਾਈ ਬਹਾਲ ਨਹੀਂ ਹੋ ਸਕੀ ਹੈ।