ਓਟਵਾ, 26 ਮਾਰਚ : ਅਮਰੀਕਾ ਨਾਲ ਡੋਜ਼ ਸ਼ੇਅਰ ਕਰਨ ਦੀ ਡੀਲ ਸਿਰੇ ਚੜ੍ਹ ਚੁੱਕੀ ਹੈ। ਅਗਲੇ ਹਫਤੇ ਐਸਟ੍ਰਾਜ਼ੈਨੇਕਾ ਵੈਕਸੀਨ ਦੇ 1·5 ਮਿਲੀਅਨ ਸ਼ੌਟਸ ਕੈਨੇਡਾ ਨੂੰ ਹਾਸਲ ਹੋਣਗੇ। ਇਹ ਐਲਾਨ ਵੀਰਵਾਰ ਨੂੰ ਮੇਜਰ ਜਨਰਲ ਡੈਨੀ ਫੋਰਟਿਨ ਵੱਲੋਂ ਕੀਤਾ ਗਿਆ।
ਅਗਲੇ ਹਫਤੇ ਅਮਰੀਕਾ ਵੱਲੋਂ ਡੋਜ਼ਾਂ ਮਿਲਣ ਉੱਤੇ ਨਿਰਭਰ ਕਰਦਾ ਹੈ ਕਿ ਪਹਿਲੀ ਤਿਮਾਹੀ ਮੁੱਕਣ ਤੱਕ ਤੇ ਡੋਜ਼ਾਂ ਹਾਸਲ ਹੋਣ ਉਪਰੰਤ ਕੈਨੇਡਾ ਮਾਰਚ ਦੇ ਅੰਤ ਤੱਕ ਅੱਠ ਮਿਲੀਅਨ ਕੋਵਿਡ-19 ਵੈਕਸੀਨ ਡੋਜ਼ਾਂ ਦਾ ਆਪਣਾ ਟੀਚਾ ਪੂਰਾ ਕਰ ਸਕੇਗਾ ਕਿ ਨਹੀਂ। ਫੋਰਟਿਨ ਨੇ ਆਖਿਆ ਕਿ ਪਬਲਿਕ ਸਰਵਿਸ ਐਂਡ ਪ੍ਰੋਕਿਓਰਮੈਂਟ ਕੈਨੇਡਾ ਨੇ ਪਿੱਛੇ ਜਿਹੇ ਅਮਰੀਕਾ ਨਾਲ 1·5 ਮਿਲੀਅਨ ਡੋਜ਼ਾਂ ਦੀ ਡਲਿਵਰੀ ਬਾਰੇ ਗੱਲਬਾਤ ਫਾਈਨਲ ਕੀਤੀ ਸੀ। ਇਹ ਡੋਜ਼ਾਂ ਅਗਲੇ ਹਫਤੇ ਕੈਨੇਡਾ ਪਹੁੰਚ ਸਕਦੀਆਂ ਹਨ।
ਇਸ ਦੇ ਬਦਲੇ ਵਜੋਂ ਕੈਨੇਡਾ ਨੂੰ ਆਉਣ ਵਾਲੇ ਮਹੀਨਿਆਂ ਵਿੱਚ 1·5 ਮਿਲੀਅਨ ਡੋਜ਼ਾਂ ਅਮਰੀਕਾ ਨੂੰ ਮੋੜਨੀਆਂ ਹੋਣਗੀਆਂ ਕਿਉਂਕਿ ਅਮਰੀਕਾ ਦੇ ਰਾਸ਼ਟਰਪਤੀ ਜੋਅ ਬਾਇਡਨ ਵੱਲੋਂ ਮਈ ਦੇ ਅੰਤ ਤੱਕ ਸਾਰੇ ਬਾਲਗਾਂ ਦੀ ਵੈਕਸੀਨੇਸ਼ਨ ਕਰਵਾਉਦ ਦਾ ਵਾਅਦਾ ਕੀਤਾ ਗਿਆ ਹੈ। ਇਸ ਦੇ ਨਾਲ ਹੀ ਕੈਨੇਡਾ ਨੇ ਮਾਸ ਇਮਿਊਨਾਈਜੇ਼ਸ਼ਨ ਕੋਸਿ਼ਸ਼ਾਂ ਸਤੰਬਰ ਦੇ ਅੰਤ ਤੱਕ ਮੁਕੰਮਲ ਕਰਨ ਦਾ ਮਨ ਬਣਾਇਆ ਹੈ ਤੇ ਇੱਥੇ ਵੀ ਸਾਰੇ ਯੋਗ ਬਾਲਗਾਂ ਦਾ ਟੀਕਾਕਰਣ ਮੁਕੰਮਲ ਕਰਨ ਦਾ ਤਹੱਈਆ ਪ੍ਰਗਟਾਇਆ ਗਿਆ ਹੈ।
ਅਗਲੇ ਹਫਤੇ ਕੈਨੇਡਾ ਨੂੰ ਫਾਈਜ਼ਰ-ਬਾਇਓਐਨਟੈਕ ਦੀਆਂ 1·2 ਮਿਲੀਅਨ ਡੋਜ਼ਾਂ ਦੀ ਖੇਪ ਮਿਲਣ ਦੀ ਆਸ ਹੈ। ਇਸ ਤੋਂ ਬਾਅਦ ਅਪਰੈਲ ਤੇ ਜੂਨ ਦਰਮਿਆਨ ਕੈਨੇਡਾ ਨੂੰ ਹਰ ਹਫਤੇ ਇੱਕ ਮਿਲੀਅਨ ਡੋਜ਼ਾਂ ਹਾਸਲ ਹੋਣ ਦੀ ਉਮੀਦ ਹੈ। ਅਮਰੀਕਾ ਵੱਲੋਂ ਕੀਤੀ ਜਾਣ ਵਾਲੀ ਡੋਜ਼ਾਂ ਦੀ ਡਲਿਵਰੀ ਤੋਂ ਬਾਅਦ ਐਸਟ੍ਰਾਜ਼ੈਨੇਕਾ ਦੀ ਅਗਲੀ ਖੇਪ ਭਾਰਤ ਵਿੱਚ ਸਥਿਤ ਸੀਰਮ ਇੰਸਟੀਚਿਊਟ ਤੋਂ ਆਪਉਣ ਦੀ ਸੰਭਾਵਨਾ ਹੈ। ਅਪਰੈਲ ਵਿੱਚ ਉੱਥੋਂ ਇਸ ਦੀਆਂ ਇੱਕ ਮਿਲੀਅਨ ਡੋਜ਼ਾਂ ਆ ਸਕਦੀਆਂ ਹਨ। ਬਾਕੀ ਦੀਆਂ 500,000 ਡੋਜ਼ਾਂ ਮਈ ਵਿੱਚ ਆਉਣਗੀਆਂ।
ਇਹ ਅੰਕੜੇ ਇਸ ਗੱਲ ਉੱਤੇ ਆਧਾਰਿਤ ਹਨ ਕਿ ਨਵੀਆਂ ਯੂਰਪੀਅਲ ਤੇ ਭਾਰਤੀ ਐਕਸਪੋਰਟ ਪਾਬੰਦੀਆਂ ਕੈਨੇਡਾ ਦੀ ਸਪਲਾਈ ਨੂੰ ਸੀਮਤ ਨਾ ਕਰਨ। ਫੋਰਟਿਨ ਨੇ ਆਖਿਆ ਕਿ ਉਹ ਇਸ ਸੱਭ ਕਾਸੇ ਉੱਤੇ ਬਾਰੀਕੀ ਨਾਲ ਨਜ਼ਰ ਰੱਖ ਰਹੇ ਹਨ ਪਰ ਅਜੇ ਤੱਕ ਇਨ੍ਹਾਂ ਡਲਿਵਰੀਜ਼ ਵਿੱਚ ਕਿਸੇ ਕਿਸਮ ਦੇ ਅੜਿੱਕੇ ਦੀ ਕੋਈ ਗੁੰਜਾਇਸ਼ ਨਹੀਂ ਹੈ।