ਬੰਗਲੂਰੂ, 30 ਅਗਸਤ

ਵਿਕਟਕੀਪਰ ਬੱਲੇਬਾਜ਼ ਕੇ.ਐੱਲ. ਰਾਹੁਲ ਸੱਟ ਕਾਰਨ ਆਗਾਮੀ ਏਸ਼ੀਆ ਕੱਪ ਦੇ ਪਹਿਲੇ ਦੋ ਮੈਚਾਂ ਵਿੱਚੋਂ ਬਾਹਰ ਹੋ ਗਿਆ ਹੈ। ਇਸ ਨਾਲ ਭਾਰਤੀ ਟੀਮ ’ਚ ਉਸ ਦੀ ਵਾਪਸੀ ’ਚ ਦੇਰੀ ਦੇ ਨਾਲ-ਨਾਲ 5 ਅਕਤੂਬਰ ਤੋਂ ਸ਼ੁਰੂ ਹੋਣ ਵਾਲੇ ਇੱਕ ਦਿਨਾ ਕ੍ਰਿਕਟ ਵਿਸ਼ਵ ਕੱਪ ਲਈ ਉਸ ਦੇ ਉਪਲੱਬਧ ਹੋਣ ’ਤੇ ਵੀ ਸਵਾਲ ਖੜ੍ਹੇ ਹੋ ਗਏ ਹਨ। ਏਸ਼ੀਆ ਕੱਪ ’ਚ ਭਾਰਤੀ ਟੀਮ ਦਾ ਪਹਿਲਾ ਮੁਕਾਬਲਾ ਪਾਕਿਸਤਾਨ ਨਾਲ 2 ਸਤੰਬਰ ਨੂੰ ਅਤੇ ਦੂਜਾ ਨੇਪਾਲ ਨਾਲ 4 ਸਤੰਬਰ ਨੂੰ ਹੋਣਾ ਹੈ। ਇਨ੍ਹਾਂ ਦੋ ਮੈਚਾਂ ’ਚ ਰਾਹੁਲ ਨਹੀਂ ਖੇਡ ਸਕੇਗਾ ਅਤੇ ਟੂਰਨਾਮੈਂਟ ਦੇ ਸੁਪਰ ਚਾਰ ਗੇੜ ’ਚ ਟੀਮ ਨਾਲ ਜੁੜੇਗਾ। ਰਾਹੁਲ ਦੀ ਇਹ ਸੱਟ ਉਸ ਦੀ ਪੁਰਾਣੀ ਪੱਟ ਦੀ ਸੱਟ ਨਾਲ ਸਬੰਧਤ ਨਹੀਂ ਹੈ ਜਿਸ ਕਾਰਨ ਉਹ ਕਈ ਮਹੀਨਿਆਂ ਤੋਂ ਖੇਡ ਤੋਂ ਦੂਰ ਹੈ। ਸੱਟ ਤੋਂ ਉਭਰਨ ਮਗਰੋਂ ਉਸ ਨੂੰ ਬੁੱਧਵਾਰ ਤੋਂ ਸ਼ੁਰੂ ਹੋਣ ਵਾਲੇ ਏਸ਼ੀਆ ਕੱਪ ਲਈ ਭਾਰਤੀ ਟੀਮ ’ਚ ਵਿਕਟਕੀਪਰ ਵਜੋਂ ਸ਼ਾਮਲ ਕੀਤਾ ਗਿਆ ਸੀ। ਮੁੱਖ ਕੋਚ ਰਾਹੁਲ ਦ੍ਰਾਵਿੜ ਨੇ ਕਿਹਾ ਕਿ ਕੇ.ਐੱਲ. ਰਾਹੁਲ ਚੰਗਾ ਖੇਡ ਰਿਹਾ ਹੈ। ਉਸ ਵਿੱਚ ਸੁਧਾਰ ਹੋ ਰਿਹਾ ਹੈ। ਹਲਾਂਕਿ ਉਹ ਦੌਰੇ ਦੌਰਾਨ ਟੂਰਨਾਮੈਂਟ ਦੌਰਾਨ ਕੈਂਡੀ ’ਚ ਪਹਿਲੇ ਗੇੜ ਲਈ ਉਪਲੱਬਧ ਨਹੀਂ ਹੋਵੇਗਾ। ਕੋਚ ਮੁਤਾਬਕ ਰਾਹੁਲ ਐੱਨਸੀਏ (ਕੌਮੀ ਖੇਡ ਅਕੈਡਮੀ) ਵਿੱਚ ਹੀ ਰੁਕੇਗਾ ਅਤੇ ਟੂਰਨਾਮੈਂਟ ’ਚ ਉਸ ਦੇ ਖੇਡਣ ਬਾਰੇ 4 ਸਤੰਬਰ ਨੂੰ ਫ਼ੈਸਲਾ ਕੀਤਾ ਜਾਵੇਗਾ। ਬੀਸੀਸੀਆਈ ਨੇ 5 ਸਤੰਬਰ ਤੱਕ ਵਿਸ਼ਵ ਕੱਪ ਲਈ ਆਈਸੀਸੀ ਨੂੰ 15 ਖਿਡਾਰੀਆਂ ਦੀ ਸੂਚੀ ਸੌਂਪਣੀ ਹੈ ਅਤੇ ਇਸ ਟੀਮ ’ਚ 27 ਸਤੰਬਰ ਤੱਕ ਤਬਦੀਲੀ ਕੀਤੀ ਜਾ ਸਕਦੀ ਹੈ। ਰਾਹੁਲ ਦੀ ਗ਼ੈਰਮੌਜੂਦਗੀ ਵਿੱਚ ਇਸ਼ਾਨ ਕਿਸ਼ਨ ਵੱਲੋਂ ਵਿਕਟਕੀਪਰ ਦੀ ਭੂਮਿਕਾ ਨਿਭਾਉਣ ਦੀ ਸੰਭਾਵਨਾ ਹੈ।