‘ਆਪ’ ਵੱਲੋਂ ਬਿਜਲੀ ਦਰਾਂ ‘ਚ ਵਾਧੇ ਬਾਰੇ ਕੈਪਟਨ ਸਰਕਾਰ ਨੂੰ ਚਿਤਾਵਨੀ

ਚੰਡੀਗੜ੍ਹ, 21 ਮਈ 2019
ਵਿਰੋਧੀ ਧਿਰ ਦੇ ਨੇਤਾ ਹਰਪਾਲ ਸਿੰਘ ਚੀਮਾ ਨੇ ਪੰਜਾਬ ਰਾਜ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਬਿਜਲੀ ਦਰਾਂ ‘ਚ ਹੋਰ ਵਾਧੇ ਦੀਆਂ ਤਿਆਰੀਆਂ ‘ਤੇ ਤਿੱਖਾ ਪ੍ਰਤੀਕਰਮ ਦਿੰਦੇ ਹੋਏ ਕੈਪਟਨ ਅਮਰਿੰਦਰ ਸਿੰਘ ਸਰਕਾਰ ਨੂੰ ਦਿੱਲੀ ਦੀ ਕੇਜਰੀਵਾਲ ਸਰਕਾਰ ਤੋਂ ਸਬਕ ਲੈਣ ਦੀ ਸਲਾਹ ਦਿੱਤੀ ਹੈ, ਤਾਂਕਿ ਬੇਹੱਦ ਮਹਿੰਗੀਆਂ ਬਿਜਲੀ ਦਰਾਂ ਦੇ ਸਤਾਏ ਪੰਜਾਬ ਦੇ ਲੋਕ ਵੀ ਰਾਹਤ ਦੀ ਸਾਹ ਲੈ ਸਕਣ।
ਪਾਰਟੀ ਹੈੱਡਕੁਆਟਰ ਤੋਂ ਜਾਰੀ ਬਿਆਨ ਰਾਹੀਂ ਹਰਪਾਲ ਸਿੰਘ ਨੇ ਕਿਹਾ ਕਿ ਪੰਜਾਬ ਦੇਸ਼ ਦੇ ਸਭ ਤੋਂ ਮਹਿੰਗੀ ਬਿਜਲੀ ਦੇਣ ਵਾਲੇ ਸੂਬਿਆਂ ‘ਚ ਸ਼ਾਮਲ ਹੈ, ਜਦਕਿ 4 ਸਾਲਾਂ ਦੌਰਾਨ ਕੇਜਰੀਵਾਲ ਸਰਕਾਰ ਨੇ ਦਿੱਲੀ ਨੂੰ ਦੇਸ਼ ਦਾ ਸਭ ਤੋਂ ਸਸਤੀ ਬਿਜਲੀ ਮੁਹੱਈਆ ਕਰਾਉਣ ਵਾਲਾ ਰਾਜ ਬਣਾ ਦਿੱਤਾ ਹੈ, ਜਦਕਿ ਕੇਜਰੀਵਾਲ ਸਰਕਾਰ ਤੋਂ ਪਹਿਲਾਂ ਦਿੱਲੀ ਵੀ ਸਭ ਤੋਂ ਮਹਿੰਗੀਆਂ ਬਿਜਲੀ ਦਰਾਂ ਵਾਲਾ ਸੂਬਾ ਸੀ।
ਚੀਮਾ ਨੇ ਕਿਹਾ ਕਿ ਜੇਕਰ ਕੇਜਰੀਵਾਲ ਸਰਕਾਰ ਅਜਿਹਾ ਕਰ ਸਕਦੀ ਹੈ ਤਾਂ ਕੈਪਟਨ ਸਰਕਾਰ ਅਜਿਹਾ ਕਿਉਂ ਨਹੀਂ ਕਰਦੀ? ਜਦਕਿ ਦਿੱਲੀ ਸਰਕਾਰ ਇੱਕ ਵੀ ਯੂਨਿਟ ਬਿਜਲੀ ਪੈਦਾ ਨਹੀਂ ਕਰਦੀ ਅਤੇ ਪ੍ਰਾਈਵੇਟ ਬਿਜਲੀ ਕੰਪਨੀਆਂ ਤੋਂ ਬਿਜਲੀ ਖ਼ਰੀਦਦੀ ਹੈ, ਪਰੰਤੂ ਪੰਜਾਬ ਸਰਕਾਰ ਖ਼ੁਦ ਵੀ ਬਿਜਲੀ ਪੈਦਾ ਕਰਨ ਵਾਲੀ ਸਰਕਾਰ ਹੈ।
ਚੀਮਾ ਨੇ ਮੰਗ ਕੀਤੀ ਕਿ ਸਰਕਾਰ ਨੂੰ ਸਾਲ ‘ਚ ਕਈ-ਕਈ ਵਾਰ ਬਿਜਲੀ ਦਰਾਂ ਵਧਾਉਣ ਦੀ ਲੋਕ ਵਿਰੋਧੀ ਰੀਤ ਬੰਦ ਕਰ ਕੇ ਕੇਜਰੀਵਾਲ ਸਰਕਾਰ ਵਾਂਗ ਘਟਾਉਣ ਦੀ ਨਵੀਂ ਰੀਤ ਸ਼ੁਰੂ ਕਰਨੀ ਚਾਹੀਦੀ ਹੈ।
ਚੀਮਾ ਨੇ ਬਿਜਲੀ ਰੈਗੂਲੇਟਰੀ ਕਮਿਸ਼ਨ ਵੱਲੋਂ ਮਈ ਮਹੀਨੇ ਦੇ ਅੰਤ ਤੱਕ ਬਿਜਲੀ ਦਰਾਂ 3 ਫ਼ੀਸਦੀ ਹੋਰ ਵਧਾਉਣ ਦੀ ਤਿਆਰੀ ਦਾ ਜ਼ੋਰਦਾਰ ਵਿਰੋਧ ਕਰਦੇ ਹੋਏ ਕਿਹਾ ਕਿ ਜੇਕਰ ਕੈਪਟਨ ਸਰਕਾਰ ਅਜੇ ਵੀ ਬਿਜਲੀ ਦਰਾਂ ਹੋਰ ਵਧਾਉਣ ਤੋਂ ਨਹੀਂ ਟਲਦੀ ਤਾਂ ਆਮ ਆਦਮੀ ਪਾਰਟੀ ਇਸ ਦਾ ਸੜਕਾਂ ਤੋਂ ਲੈ ਕੇ ਸਦਨ ਤੱਕ ਜ਼ੋਰਦਾਰ ਵਿਰੋਧ ਕਰੇਗੀ।
ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਜੇਕਰ ਕੈਪਟਨ ਸਰਕਾਰ ਥੋੜ੍ਹੀ ਜਿਹੀ ਵੀ ਲੋਕ ਹਿਤੈਸ਼ੀ ਹੈ ਤਾਂ ਲੋਕਾਂ ਨੂੰ ਬਿਜਲੀ ਦੀਆਂ ਦਰਾਂ ਸਸਤੀਆਂ ਕਰੇ ਅਤੇ ਪਿਛਲੀ ਬਾਦਲ ਸਰਕਾਰ ਵੱਲੋਂ ਪ੍ਰਾਈਵੇਟ ਬਿਜਲੀ ਕੰਪਨੀਆਂ ਨਾਲ ਕੀਤੇ ਮਹਿੰਗੇ ਅਤੇ ਮਿਲੀਭੁਗਤ ਵਾਲੇ ਸਮਝੌਤੇ ਤੁਰੰਤ ਰੱਦ ਕਰ ਕੇ ਨਵੇਂ ਸਿਰਿਓਂ ਸਸਤੇ ਬਿਜਲੀ ਖ਼ਰੀਦ ਸਮਝੌਤੇ ਕਰੇ।