ਜੈਪੁਰ,8 ਅਪਰੈਲ
ਸਲਾਮੀ ਬੱਲੇਬਾਜ਼ਾਂ ਸੁਨੀਲ ਨਰਾਇਣ ਅਤੇ ਕ੍ਰਿਸ ਲਿਨ ਦੀਆਂ ਜ਼ੋਰਦਾਰ ਪਾਰੀਆਂ ਸਦਕਾ ਕੋਲਕਾਤਾ ਨਾਈਟ ਰਾਈਡਰਜ਼ ਨੇ ਰਾਜਸਥਾਨ ਰੌਇਲਜ਼ ਨੂੰ ਅੱਠ ਵਿਕਟਾਂ ਨਾਲ ਹਰਾ ਦਿੱਤਾ। ਇਥੇ ਖੇਡੇ ਗਏ ਆਈਪੀਐਲ ਦੇ ਮੈਚ ’ਚ 140 ਦੋੜਾਂ ਦੇ ਟੀਚੇ ਨੂੰ ਸਰ ਕਰਨ ਲਈ ਉਤਰੇ ਨਰਾਇਣ (25 ਗੇਂਦਾਂ ’ਚ 47 ਦੌੜਾਂ) ਅਤੇ ਲਿਨ (32 ਗੇਂਦਾਂ ’ਚ 50 ਦੌੜਾਂ) ਨੇ ਪਹਿਲੇ ਵਿਕਟ ਲਈ 8.3 ਓਵਰਾਂ ’ਚ 91 ਦੌੜਾਂ ਜੋੜੀਆਂ। ਮੈਚ ਦੇ ਅਖੀਰ ’ਚ ਰੋਬਿਨ ਉਥੱਪਾ ਨੇ 16 ਗੇਂਦਾਂ ’ਚ ਨਾਬਾਦ 26 ਦੌੜਾਂ ਬਣਾਈਆਂ ਅਤੇ 13.5 ਓਵਰਾਂ ’ਚ ਦੋ ਵਿਕਟਾਂ ਗੁਆ ਕੇ 140 ਦੌੜਾਂ ਬਣਾ ਲਈਆਂ। ਕੇਕੇਆਰ ਟੀਮ ਨੇ 6.1 ਓਵਰ ਬਾਕੀ ਰਹਿੰਦਿਆਂ ਜਿੱਤ ਹਾਸਲ ਕੀਤੀ। ਇਸ ਜਿੱਤ ਨਾਲ ਕੇਕੇਆਰ ਟੀਮ ਪੰਜ ਮੈਚਾਂ ’ਚ 8 ਅੰਕਾਂ ਨਾਲ ਚੋਟੀ ’ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਤਜਰਬੇਕਾਰ ਸਟੀਵ ਸਮਿਥ ਦੇ ਨੀਮ ਸੈਂਕੜੇ ਦੇ ਬਾਵਜੂਦ ਰਾਜਸਥਾਨ ਰੌਇਲਜ਼ ਤਿੰਨ ਵਿਕਟਾਂ ’ਤੇ 139 ਦੌੜਾਂ ਹੀ ਬਣਾ ਸਕੀ। ਸਮਿਥ ਨੇ 59 ਗੇਂਦਾਂ ਵਿੱਚ ਨਾਬਾਦ 73 ਦੌੜਾਂ ਬਣਾਈਆਂ। ਇਸ ਵਿੱਚ ਸੱਤ ਚੌਕੇ ਅਤੇ ਇੱਕ ਛੱਕਾ ਸ਼ਾਮਲ ਰਿਹਾ। ਉਸ ਨੇ ਜੋਸ ਬਟਲਰ (34 ਗੇਂਦਾਂ ’ਤੇ 37 ਦੌੜਾਂ) ਨਾਲ ਦੂਜੀ ਵਿਕਟ ਲਈ 72 ਦੌੜਾਂ ਦੀ ਭਾਈਵਾਲੀ ਕੀਤੀ। ਕੇਕੇਆਰ ਵੱਲੋਂ ਆਪਣਾ ਪਹਿਲਾ ਆਈਪੀਐਲ ਮੈਚ ਖੇਡ ਰਹੇ ਤੇਜ਼ ਗੇਂਦਬਾਜ਼ ਹੈਰੀ ਗੁਰਨੀ ਨੇ 25 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ। ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਰੌਇਲਜ਼ ਨੇ ਕਪਤਾਨ ਅਜਿੰਕਿਆ ਰਹਾਣੇ (ਪੰਜ ਦੌੜਾਂ) ਦੀ ਵਿਕਟ ਦੂਜੇ ਓਵਰ ਵਿੱਚ ਗੁਆ ਲਈ। ਤੇਜ਼ ਗੇਂਦਬਾਜ਼ ਪ੍ਰਸਿੱਧ ਕ੍ਰਿਸ਼ਨਾ ਨੇ ਉਸ ਨੂੰ ਐਲਬੀਡਬਲਯੂ ਕੀਤਾ। ਇਸ ਮਗਰੋਂ ਬਟਲਰ ਅਤੇ ਸਮਿਥ ਨੇ ਪਾਰੀ ਨੂੰ ਸੰਭਾਲਣ ਦੀ ਕੋਸ਼ਿਸ਼ ਕੀਤੀ, ਪਰ ਪਿੱਚ ਬੱਲੇਬਾਜ਼ੀ ਲਈ ਆਸਾਨ ਨਹੀਂ ਸੀ ਅਤੇ ਉਨ੍ਹਾਂ ਨੂੰ ਦੌੜਾਂ ਬਣਾਉਣ ਲਈ ਜੂਝਣਾ ਪਿਆ। ਰਾਹੁਲ ਤ੍ਰਿਪਾਠੀ (ਅੱਠ ਗੇਂਦਾਂ ’ਤੇ ਛੇ ਦੌੜਾਂ) ਅਤੇ ਬੇਨ ਸਟੌਕਸ (14 ਗੇਂਦਾਂ ’ਤੇ ਨਾਬਾਦ ਸੱਤ ਦੌੜਾਂ) ਦੀ ਖ਼ਰਾਬ ਬੱਲੇਬਾਜ਼ੀ ਕਾਰਨ ਰੌਇਲਜ਼ ਨੂੰ ਨੁਕਸਾਨ ਹੋਇਆ।