ਚੰਡੀਗੜ੍ਹ, 21 ਜੂਨ
ਕੇਂਦਰੀ ਊਰਜਾ ਮੰਤਰਾਲੇ ਨੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦਾ ਪੱਕਾ ਚੇਅਰਮੈਨ ਲਗਾਉਣ ਦੀ ਥਾਂ ਨੰਦ ਲਾਲ ਸ਼ਰਮਾ ਨੂੰ ਵਾਧੂ ਚਾਰਜ ਦੇ ਦਿੱਤਾ ਹੈ। ਨੰਦ ਲਾਲ ਸ਼ਰਮਾ ਇਸ ਵੇਲੇ ਸਤਲੁਜ ਵਿਧੁਤ ਨਿਗਮ ਲਿਮਟਿਡ ਦੇ ਚੇਅਰਮੈਨ ਹਨ ਜੋ ਪਹਿਲੀ ਜੁਲਾਈ ਤੋਂ ਬੀਬੀਐੱਮਬੀ ਦੇ ਚੇਅਰਮੈਨ ਦਾ ਵਾਧੂ ਚਾਰਜ ਸੰਭਾਲਣਗੇ। ਕੇਂਦਰੀ ਮੰਤਰਾਲੇ ਨੇ ਕਿਹਾ ਕਿ ਸ਼ਰਮਾ ਨੂੰ ਤਿੰਨ ਮਹੀਨੇ ਲਈ ਬੀਬੀਐੱਮਬੀ ਦੇ ਚੇਅਰਮੈਨ ਦਾ ਚਾਰਜ ਦਿੱਤਾ ਗਿਆ ਹੈ ਜਾਂ ਫਿਰ ਉਹ ਰੈਗੂਲਰ ਚੇਅਰਮੈਨ ਦੀ ਨਿਯੁਕਤੀ ਤੱਕ ਇਸ ਅਹੁਦੇ ’ਤੇ ਬਣੇ ਰਹਿਣਗੇ। ਸੂਤਰਾਂ ਮੁਤਾਬਕ ਪਹਿਲੀ ਜੁਲਾਈ ਤੋਂ ਬੀਬੀਐਮਬੀ ਪੂਰੀ ਤਰ੍ਹਾਂ ਐਡਹਾਕ ਹੱਥਾਂ ਵਿਚ ਚਲਾ ਜੇਵੇਗਾ। ਪੰਜਾਬ ਸਰਕਾਰ ਬੀਬੀਐੱਮਬੀ ਦੇ ਮਾਮਲੇ ਵਿਚ ਚੁੱਪ ਹੈ ਅਤੇ ਕੇਂਦਰ ਸਰਕਾਰ ਲਗਾਤਾਰ ਇਸ ਵਿਚ ਘੁਸਪੈਠ ਕਰਨ ਵਿਚ ਲੱਗੀ ਹੋਈ ਹੈ। ਹਾਕਮ ਧਿਰ ਤੇ ਵਿਰੋਧੀ ਧਿਰਾਂ ਨੇ ਇਸ ਮੁੱਦੇ ’ਤੇ ਸਿਆਸੀ ਲੜਾਈ ਵਿੱਢਣ ਤੋਂ ਵੀ ਕਿਨਾਰਾ ਕੀਤਾ ਹੋਇਆ ਹੈ। ਬੀਬੀਐੱਮਬੀ ਦੇ ਮੌਜੂਦਾ ਚੇਅਰਮੈਨ ਸੰਜੈ ਸ੍ਰੀਵਾਸਤਵਾ 30 ਜੂਨ ਨੂੰ ਸੇਵਾਮੁਕਤ ਹੋ ਰਹੇ ਹਨ, ਜੋ ਪਹਿਲਾਂ ਸੈਂਟਰਲ ਰੈਗੂਲੇਟਰੀ ਅਥਾਰਿਟੀ ਵਿਚ ਮੁੱਖ ਇੰਜਨੀਅਰ ਸਨ। ਇਸ ਤੋਂ ਪਹਿਲਾਂ ਕੇਂਦਰੀ ਊਰਜਾ ਮੰਤਰਾਲੇ ਨੇ ਬੀਬੀਐੱਮਬੀ ਦੇ ਮੈਂਬਰ (ਪਾਵਰ) ਦਾ ਚਾਰਜ ਵੀ ਅਮਰਜੀਤ ਸਿੰਘ ਜੁਨੇਜਾ ਨੂੰ ਦਿੱਤਾ ਹੈ। ਬੀਬੀਐਮਬੀ ਦੇ ਮੁੱਖ ਇੰਜਨੀਅਰ ਜੁਨੇਜਾ ਨੂੰ ਇਹ ਚਾਰਜ ਛੇ ਮਹੀਨੇ ਲਈ ਦਿੱਤਾ ਗਿਆ ਹੈ। ਦੋ ਦਿਨ ਪਹਿਲਾਂ ਹੀ ਕੇਂਦਰੀ ਮੰਤਰਾਲੇ ਨੇ ਇਹ ਹੁਕਮ ਜਾਰੀ ਕੀਤੇ ਹਨ। ਦੱਸਣਯੋਗ ਹੈ ਕਿ ਕੇਂਦਰੀ ਬਿਜਲੀ ਮੰਤਰਾਲੇ ਨੇ ਬੀਬੀਐੱਮਬੀ ਦਾ ਨਵਾਂ ਚੇਅਰਮੈਨ ਲਾਉਣ ਲਈ ਪ੍ਰਕਿਰਿਆ ਸ਼ੁਰੂ ਕੀਤੀ ਸੀ ਅਤੇ ਚਾਹਵਾਨਾਂ ਨੇ 21 ਮਾਰਚ ਤੱਕ ਆਪਣੇ ਵੇਰਵੇ ਭੇਜੇ ਸਨ। ਚੇਅਰਮੈਨ ਦੀ ਨਿਯੁਕਤੀ ਲਈ ਜੋ ਯੋਗਤਾ ਦਾ ਪੈਮਾਨਾ ਰੱਖਿਆ ਹੈ, ਉਸ ਤੋਂ ਸਾਫ਼ ਹੈ ਕਿ ਪੰਜਾਬ ਦੇ ਹੱਥ ਚੇਅਰਮੈਨੀ ਲੱਗਣੀ ਮੁਸ਼ਕਲ ਹੈ। ਚੇਅਰਮੈਨ ਦੀ ਨਿਯੁਕਤੀ ਲਈ ਨਿਰਧਾਰਿਤ ਯੋਗਤਾ ਕਿਸੇ ਪੱਖੋਂ ਪੰਜਾਬ ਦੇ ਅਨੁਕੂਲ ਨਹੀਂ। ਇਸ ਨੂੰ ਦੇਖਦੇ ਹੋਏ ਜਾਪਦਾ ਹੈ ਕਿ ਨਵਾਂ ਰੈਗੂਲਰ ਚੇਅਰਮੈਨ ਵੀ ਪੰਜਾਬ ਤੋਂ ਬਾਹਰਲਾ ਹੀ ਲੱਗੇਗਾ। ਕੇਂਦਰ ਸਰਕਾਰ ਨੇ ਪਹਿਲਾਂ ਪੰਜਾਬ ਕੋਲੋਂ ਬੀਬੀਐੱਮਬੀ ਦੀ ਸਥਾਈ ਪ੍ਰਤੀਨਿਧਤਾ ਵੀ ਖੋਹ ਲਈ ਹੈ ਅਤੇ ਇਹ ਮੈਂਬਰ ਲਾਉਣ ਵਾਸਤੇ ਸ਼ਰਤਾਂ ਵੀ ਅਜਿਹੀਆਂ ਨਿਰਧਾਰਿਤ ਕੀਤੀਆਂ ਹਨ ਜਿਸ ਵਿਚ ਪੰਜਾਬ ਤੋਂ ਕੋਈ ਵੀ ਇੰਜਨੀਅਰ ਯੋਗ ਨਹੀਂ ਹੋ ਸਕਦਾ। ਕੇਂਦਰ ਬੀਬੀਐੱਮਬੀ ਦੀ ਸੁਰੱਖਿਆ ਕੇਂਦਰੀ ਬਲਾਂ ਦੇ ਹਵਾਲੇ ਕਰਨ ਦਾ ਫ਼ੈਸਲਾ ਪਹਿਲਾਂ ਹੀ ਲੈ ਚੁੱਕਾ ਹੈ।