ਮਾਨਸਾ, 11 ਅਕਤੂਬਰ

ਪੰਜਾਬ ਵਿਚ ਖੇਤੀ ਕਾਨੂੰਨਾਂ ਦੇ ਵਿਰੁੱਧ ਅੰਦੋਲਨ ਕਰ ਰਹੀਆਂ 31 ਕਿਸਾਨ ਜਥੇਬੰਦੀਆਂ ਨੂੰ ਹੁਣ ਨਵੇਂ ਸਿਰੇ ਤੋਂ ਕੇਂਦਰ ਸਰਕਾਰ ਵਲੋਂ ਗੱਲਬਾਤ ਦਾ ਸੱਦਾ ਪੱਤਰ ਆਇਆ ਹੈ। ਇਹ ਸੱਦਾ ਕੇਂਦਰੀ ਖੇਤੀਬਾੜੀ ਮੰਤਰਾਲੇ ਦੇ ਸੱਕਤਰ ਸੰਜੇ ਅੱਗਰਵਾਲ ਵਲੋਂ ਭੇਜਿਆ ਗਿਆ ਹੈ ਅਤੇ 10‌ ਅਕਤੂਬਰ ਦਾ ਇਹ ਲਿਖਿਆ ਗਿਆ ਹੈ ਇਹ ਪੱਤਰ ਪੰਜਾਬ ਦੀਆਂ ਸਾਰੀਆਂ 31 ਜਥੇਬੰਦੀਆਂ ਨੂੰ ਭੇਜਿਆ ਗਿਆ ਹੈ। ਇਸ ਤੋਂ ਪਹਿਲਾਂ ਵੀ ਇਸ ਵਿਭਾਗ ਵਲੋਂ ਕਿਸਾਨ ਧਿਰਾਂ ਨੂੰ ਗੱਲਬਾਤ ਲਈ ਅਜਿਹਾ ਬੁਲਾਵਾ 6 ਅਕਤੂਬਰ ਨੂੰ ਵੀ ਆਇਆ ਸੀ, ਜਿਸ ਨੂੰ ਸੰਘਰਸ਼ੀਲ ਜਥੇਬੰਦੀਆਂ ਨੇ ਕੇਂਦਰ ਦੀ ਇਸ ਪੇਸ਼ਕਸ਼ ਠੁਕਰਾ ਦਿੱਤਾ ਗਿਆ ਸੀ ਅਤੇ ਪੱਤਰ ਨੂੰ ਗੈਰਅਧਿਕਾਰਤ ਕ਼ਰਾਰ ਦਿੱਤਾ ਗਿਆ ਸੀ। ਹੁਣ ਜਿਹੜਾ ਨਵੇਂ ਸਿਰੇ ਤੋਂ ਪੱਤਰ ਆਇਆ ਹੈ ਉਹ ਕੇਂਦਰੀ ਅਧਿਕਾਰੀ‌ ਦੀ ਸਰਕਾਰੀ ਲੈਟਰਪੈਡ ਉਪਰ ਹੈ। ਇਸ ਪੱਤਰ ਸਬੰਧੀ ਜਥੇਬੰਦੀਆਂ ਵਲੋਂ 13 ਅਕਤੂਬਰ ਨੂੰ ਜਲੰਧਰ ਵਿਖੇ ਬਲਾਈ ਗਈ ਮੀਟਿੰਗ ਵਿੱਚ ਲਿਆ ਜਾਵੇਗਾ ਪਰ ਇੱਕ ਜਥੇਬੰਦੀ ਦੇ ਆਗੂ ਦਾ ਕਹਿਣਾ ਹੈ ਕਿ ਜੇ ਕੇਂਦਰ ਸਰਕਾਰ ਦੇ ਅਧਿਕਾਰੀਆਂ ਨੇ ਗੱਲਬਾਤ ਜਾਂ ਚਰਚਾ ਹੀ ਕਰਨੀ ਹੈ ਤਾਂ ਉਨ੍ਹਾਂ ਨੂੰ ਪੰਜਾਬ ਵਿੱਚ ਜਾਂ ਚੰਡੀਗੜ੍ਹ ਵਿਖੇ ਹੀ‌ ਆਕੇ ਕਰਨੀ ਚਾਹੀਦੀ ਹੈ।