ਨਵੀਂ ਦਿੱਲੀ, 20 ਅਪਰੈਲ

ਕੇਂਦਰ ਦੀ ਕਣਕ ਖਰੀਦ 32 ਫੀਸਦੀ ਘਟ ਕੇ 69.24 ਲੱਖ ਟਨ ਰਹਿ ਗਈ ਹੈ, ਕਿਉਂਕਿ ਨਿੱਜੀ ਕੰਪਨੀਆਂ ਬਰਾਮਦ ਲਈ ਤੇਜ਼ੀ ਨਾਲ ਅਨਾਜ ਖਰੀਦ ਰਹੀਆਂ ਹਨ। ਸੂਤਰਾਂ ਅਨੁਸਾਰ ਸਰਕਾਰੀ ਏਜੰਸੀਆਂ ਵੱਲੋਂ ਸਾਲ 2022-23 ਦੇ ਹਾੜ੍ਹੀ ਦੇ ਮੰਡੀਕਰਨ ਸੀਜ਼ਨ (ਆਰਐਮਐਸ) ਵਿੱਚ 17 ਅਪਰੈਲ ਤੱਕ ਲਗਪਗ 69.24 ਲੱਖ ਟਨ ਕਣਕ ਦੀ ਖਰੀਦ ਕੀਤੀ ਗਈ ਹੈ, ਜਦੋਂ ਕਿ ਬੀਤੇ ਵਰ੍ਹੇ ਇਸ ਸਮੇਂ ਤਕ 102 ਲੱਖ ਟਨ ਕਣਕ ਦੀ ਖਰੀਦ ਕੀਤੀ ਗਈ ਸੀ।
ਹਾੜ੍ਹੀ ਦਾ ਮੰਡੀਕਰਨ ਸੀਜ਼ਨ ਅਪਰੈਲ ਤੋਂ ਮਾਰਚ ਤੱਕ ਚੱਲਦਾ ਹੈ ਪਰ ਖਰੀਦ ਦਾ ਵੱਡਾ ਹਿੱਸਾ ਜੂਨ ਤੱਕ ਖਤਮ ਹੋ ਜਾਂਦਾ ਹੈ। ਸਰਕਾਰੀ ਮਾਲਕੀ ਵਾਲੀ ਭਾਰਤੀ ਖੁਰਾਕ ਨਿਗਮ ਅਤੇ ਰਾਜ ਏਜੰਸੀਆਂ ਜਨਤਕ ਵੰਡ ਪ੍ਰਣਾਲੀ ਅਤੇ ਹੋਰਨਾਂ ਭਲਾਈ ਸਕੀਮਾਂ ਅਧੀਨ ਲੋੜਾਂ ਨੂੰ ਪੂਰਾ ਕਰਨ ਲਈ ਘੱਟੋ-ਘੱਟ ਸਮਰਥਨ ਮੁੱਲ ‘ਤੇ ਖਰੀਦ ਕਰਦੀਆਂ ਹਨ। ਕੇਂਦਰ ਨੇ 2022-23 ਦੇ ਮਾਰਕੀਟਿੰਗ ਸਾਲ ਵਿੱਚ ਰਿਕਾਰਡ 444 ਲੱਖ ਟਨ ਕਣਕ ਦੀ ਖਰੀਦ ਦਾ ਟੀਚਾ ਰੱਖਿਆ ਹੈ ਜਦੋਂ ਕਿ ਪਿਛਲੇ ਮਾਰਕੀਟਿੰਗ ਸਾਲ ਵਿੱਚ ਇਹ ਸਭ ਤੋਂ ਵੱਧ 433.44 ਲੱਖ ਟਨ ਸੀ। ਸਰਕਾਰੀ ਸੂਤਰਾਂ ਅਨੁਸਾਰ ਕਣਕ ਦੀ ਖਰੀਦ ਵਿੱਚ ਗਿਰਾਵਟ ਹਰਿਆਣਾ ਅਤੇ ਮੱਧ ਪ੍ਰਦੇਸ਼ ਵਿੱਚ ਦਰਜ ਕੀਤੀ ਗਈ ਹੈ ਜਿਥੇ ਪ੍ਰਾਈਵੇਟ ਕੰਪਨੀਆਂ ਹਾਲ ਦੀ ਘੜੀ ਤੇਜ਼ੀ ਨਾਲ ਕਣਕ ਖਰੀਦ ਰਹੀਆਂ ਹਨ। ਪੰਜਾਬ ਵਿੱਚ ਸਰਕਾਰੀ ਏਜੰਸੀਆਂ ਨੇ 32 ਲੱਖ ਟਨ ਕਣਕ ਦੀ ਖਰੀਦ ਕੀਤੀ ਹੈ ਜਦੋਂ ਕਿ ਇੱਕ ਵਰ੍ਹੇ ਪਹਿਲਾਂ ਇਸ ਸਮੇਂ ਦੌਰਾਨ ਇਹ 34 ਲੱਖ ਟਨ ਸੀ। ਸਰਕਾਰੀ ਸੂਤਰਾਂ ਅਨੁਸਾਰ ਪੰਜਾਬ ਵਿੱਚ ਖਰੀਦ ਥੋੜ੍ਹੀ ਘੱਟ ਹੈ ਅਤੇ ਇਸ ਦਾ ਕਾਰਨ ਗਰਮੀ ਦੀ ਲਹਿਰ ਦੇ ਜਲਦੀ ਸ਼ੁਰੂ ਹੋਣ ਕਾਰਨ ਦਾਣਿਆਂ ਦਾ ਸੁੰਗੜਣਾ ਹੋ ਸਕਦਾ ਹੈ।