ਕੋਲਕਾਤਾ, 5 ਦਸੰਬਰ
ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਅੱਜ ਕਿਹਾ ਕਿ ਜੀ-20 ਲੋਗੋ ਵਿਚ ‘ਕਮਲ’ ਦੀ ਵਰਤੋਂ ਨੂੰ ਲੈ ਕੇ ਪੈਦਾ ਹੋਇਆ ਵਿਵਾਦ ‘ਕੋਈ ਗੈਰ-ਮਸਲਾ’ ਨਹੀਂ ਹੈ, ਪਰ ਉਹ ਇਸ ਨੂੰ ਉਠਾਉਣ ਤੋਂ ਗੁਰੇਜ਼ ਕਰਨਗੇ ਕਿਉਂਕਿ ਇਸ ਮਾਮਲੇ ਦੀ ਜੇਕਰ ਬਾਹਰ ਚਰਚਾ ਕੀਤੀ ਜਾਂਦੀ ਹੈ, ਤਾਂ ਇਹ ਦੇਸ਼ ਲਈ ਚੰਗਾ ਨਹੀਂ ਹੋਵੇਗਾ। ਮੁੱਖ ਮੰਤਰੀ ਨੇ ਦਲੀਲ ਦਿੱਤੀ ਕਿ ਕੇਂਦਰ ਸਰਕਾਰ ਜੀ-20 ਸਮਾਗਮ ਦੇ ਲੋਗੋ ਲਈ ‘ਕਮਲ’ ਤੋਂ ਇਲਾਵਾ ਕੋਈ ਵੀ ਰਾਸ਼ਟਰੀ ਚਿੰਨ੍ਹ ਚੁਣ ਸਕਦੀ ਹੈ, ਕਿਉਂਕਿ ਫੁੱਲ ਇੱਕ ਸਿਆਸੀ ਪਾਰਟੀ ਨੂੰ ਵੀ ਦਰਸਾਉਂਦਾ ਹੈ। ਉਧਰ ਕਾਂਗਰਸ ਨੇ ਦੋਸ਼ ਲਾਇਆ ਹੈ ਕਿ ਕੇਂਦਰ ਨੇ ਭਾਜਪਾ ਦੇ ਪ੍ਰਚਾਰ ਪਾਸਾਰ ਲਈ ਹੀ ਜੀ-20 ਲੋਗੋ ਵਿੱਚ ਕਮਲ ਦੀ ਵਰਤੋਂ ਕੀਤੀ ਹੈ। ਕੇਂਦਰੀ ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਕਿਹਾ ਕਿ ਫੁੱਲ ਦੇਸ਼ ਦੀ ਸਭਿਆਚਾਰਕ ਪਛਾਣ ਦਾ ਹਿੱਸਾ ਹੈ। ਬੈਨਰਜੀ ਨੇ ਨਵੀਂ ਦਿੱਲੀ ਲਈ ਰਵਾਨਾ ਹੋਣ ਤੋਂ ਪਹਿਲਾਂ ਸ਼ਹਿਰ ਦੇ ਹਵਾਈ ਅੱਡੇ ’ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ, ‘‘ਮੈਂ ਇਸ ਨੂੰ (ਕਮਲ ਦਾ ਲੋਗੋ) ਵੀ ਦੇਖਿਆ ਹੈ। ਕਿਉਂਕਿ ਇਹ ਸਾਡੇ ਦੇਸ਼ ਨਾਲ ਜੁੜਿਆ ਮਾਮਲਾ ਹੈ, ਅਸੀਂ ਕੁਝ ਨਹੀਂ ਕਹਿ ਰਹੇ ਹਾਂ। ਜੇਕਰ ਇਸ ਮੁੱਦੇ ’ਤੇ ਬਾਹਰ ਚਰਚਾ ਕੀਤੀ ਜਾਂਦੀ ਹੈ ਤਾਂ ਇਹ ਦੇਸ਼ ਲਈ ਚੰਗਾ ਨਹੀਂ ਹੋਵੇਗਾ।’’ ਮਮਤਾ ਬੈਨਰਜੀ ਕੌਮੀ ਰਾਜਧਾਨੀ ਵਿੱਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ 2023 ਵਿੱਚ ਜੀ20 ਸੰਮੇਲਨ ਦੀ ਤਿਆਰੀ ਪ੍ਰਕਿਰਿਆ ਬਾਰੇ ਵਿਚਾਰ ਵਟਾਂਦਰੇ ਲਈ ਬੁਲਾਈ ਗਈ ਮੀਟਿੰਗ ਵਿੱਚ ਸ਼ਾਮਲ ਹੋਣਗੇ।