ਚੰਡੀਗੜ੍ਹ, 2 ਫਰਵਰੀ

ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਨੇ ਕੇਂਦਰੀ ਬਜਟ ਤੇ ਪ੍ਰਤਿਕ੍ਰਿਆ ਦਿੰਦਿਆਂ ਕਿਹਾ ਕਿ ਹੈ ਕਿ ਇਸ ਬਜਟ ਰਾਹੀਂ ਮੋਦੀ ਸਰਕਾਰ ਦਾ ਪੰਜਾਬ ਵਿਰੋਧੀ ਚਿਹਰਾ ਇਕ ਵਾਰ ਫਿਰ ਬੇਨਕਾਬ ਹੋ ਗਿਆ ਹੈ, ਜਦ ਕਿ ਇਸ ਸਰਕਾਰ ਵਿਚ ਪੰਜਾਬ ਤੋਂ ਤਿੰਨ ਮੰਤਰੀ ਵੀ ਸ਼ਾਮਿਲ ਹਨ।ਉਨ੍ਹਾਂ ਸਵਾਲ ਕੀਤਾ ਕਿ ਜਦ ਬਜਟ ਤਿਆਰ ਹੋ ਰਿਹਾ ਸੀ ਉਸ ਸਮੇਂ ਪੰਜਾਬ ਨਾਲ ਸਬੰਧਤ ਮੰਤਰੀਆਂ ਨੇ ਆਪਣੀ ਜਿੰਮੇਵਾਰੀ ਕਿਉਂ ਨਹੀਂ ਨਿਭਾਈ।

ਜਾਖੜ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਮੰਗ ਕੀਤੇ ਜਾਣ ਦੇ ਬਾਵਜੂਦ ਕੇਂਦਰ ਸਰਕਾਰ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 400 ਸਾਲਾ ਗੁਰਪੁਰਬ ਮਨਾਉਣ ਲਈ ਰਕਮ ਦਾ ਕੋਈ ਉਪਬੰਧ ਨਹੀਂ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਇਸ ਤੋਂ ਪਹਿਲਾਂ ਸ੍ਰੀ ਗੁਰੂ ਨਾਨਕ ਦੇਵ ਜੀ 550ਵੇਂ ਪ੍ਰਕਾਸ਼ ਪੁਰਬ ਮਨਾਉਣ ਲਈ ਵੀ ਕੇਂਦਰ ਨੇ ਪੰਜਾਬ ਦੀ ਕੋਈ ਮਦਦ ਨਹੀਂ ਕੀਤੀ ਸੀ।ਉਨ੍ਹਾਂ ਨੇ ਕਿਹਾ ਕਿ ਬਜਟ ਵਿਚ ਪੰਜਾਬ ਦੀ ਅਣਦੇਖੀ ਤੇ ਕੇਂਦਰੀ ਵਜਾਰਤ ਵਿਚ ਸ਼ਾਮਿਲ ਪੰਜਾਬ ਤੋਂ ਤਿੰਨਾਂ ਮੰਤਰੀਆਂ ਦੀ ਚੁੱਪੀ ਵੀ ਉਨ੍ਹਾਂ ਦੇ ਪੰਜਾਬ ਪ੍ਰਤੀ ਨਜਰੀਏ ਨੂੰ ਪ੍ਰਗਟ ਕਰਦੀ ਹੈ। ਉਨ੍ਹਾਂ ਨੇ ਕਿਹਾ ਕਿ ਪੰਜਾਬ ਸੂਬੇ ਨੂੰ ਤਾਂ ਉੱਕਾ ਹੀ ਭੁਲਾ ਦਿੱਤਾ ਗਿਆ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਮੋਦੀ ਸਰਕਾਰ ਵੱਲੋਂ ਪੇਸ਼ ਬਜਟ ਨੂੰ ਦਿਸ਼ਾਹੀਣ ਦਸੱਦਿਆਂ ਕਿਹਾ ਹੈ ਕਿ ਇਸ ਬਜਟ ਵਿਚ ਕਿਸਾਨ, ਮਜਦੂਰ, ਗਰੀਬ ਦੀ ਦਸ਼ਾ ਸੁਧਾਰਨ ਲਈ ਸਰਕਾਰ ਨੇ ਕੋਈ ਯੋਜਨਾ ਪੇਸ਼ ਨਹੀਂ ਕੀਤੀ ਹੈ ਅਤੇ ਇਸ ਵਿਚ ਆਰਥਿਕ ਮੰਦੀ ਦੂਰ ਕਰਨ ਲਈ ਵੀ ਕੋਈ ਉਪਰਾਲਾ ਨਹੀਂ ਕੀਤਾ ਗਿਆ ਹੈ।

ਅੱਜ ਇੱਥੋਂ ਜਾਰੀ ਬਿਆਨ ਵਿਚ ਸ੍ਰੀ ਜਾਖੜ ਨੇ ਕਿਹਾ ਕਿ ਦੇਸ਼ ਇਸ ਸਮੇਂ ਗੰਭੀਰ ਆਰਥਿਕ ਸਕੰਟ ਵਿਚੋਂ ਗੁਜਰ ਰਿਹਾ ਹੈ।ਬੇਰੁਜਗਾਰੀ ਵੱਧ ਰਹੀ ਹੈ, ਕਿਸਾਨ ਆਤਮਹੱਤਿਆਵਾਂ ਕਰ ਰਹੇ ਹਨ, ਮਹਿੰਗਾਈ ਵੱਧ ਰਹੀ ਹੈ, ਤਰੱਕੀ ਦੀ ਰਫਤਾਰ ਮੰਦੀ ਹੈ ਪਰ ਇਸ ਸਭ ਕੁਝ ਦੇ ਬਾਵਜੂਦ ਕੇਂਦਰ ਸਰਕਾਰ ਦੇ ਬਜਟ ਵਿਚ ਇੰਨ੍ਹਾਂ ਮੁਸਕਿਲਾਂ ਦੇ ਹੱਲ ਲਈ ਕੋਈ ਨੀਤੀ ਜਾਂ ਨੀਅਤ ਦਾ ਪ੍ਰਗਟਾਵਾ ਨਹੀਂ ਹੋਇਆ ਹੈ।

ਸ੍ਰੀ ਜਾਖੜ ਨੇ ਕਿਹਾ ਕਿ ਇਸ ਬਜਟ ਵਿਚ ਪੇਂਡੂ ਭਾਰਤ ਨੂੰ ਉੱਕਾ ਹੀ ਭੁਲਾ ਦਿੱਤਾ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕਿਸਾਨੀ ਲਈ ਬਜਟ ਵਿਚ ਸਿਰਫ ਹਵਾਈ ਗੱਲਾਂ ਕੀਤੀਆਂ ਗਈਆਂ ਹਨ ਅਤੇ ਕੁਝ ਵੀ ਠੋਸ ਨੀਤੀ ਨਹੀਂ ਲਿਆਂਦੀ ਗਈ ਹੈ। ਉਨ੍ਹਾਂ ਨੇ ਕਿਹਾ ਕਿ ਜਦ ਤੱਕ ਪਿੰਡਾਂ ਦੇ ਲੋਕਾਂ ਦੀ ਆਰਥਿਕ ਤਰੱਕੀ ਨਹੀਂ ਹੁੰਦੀ ਮੰਦੀ ਵਿਚੋਂ ਨਹੀਂ ਨਿਕਲਿਆ ਜਾ ਸਕਦਾ। ਉਨ੍ਹਾਂ ਨੇ ਕਿਹਾ ਕਿ ਜਦ ਲੋਕਾਂ ਦੀ ਆਮਦਨ ਵੱਧਦੀ ਹੈ ਤਾਂ ਉਨ੍ਹਾਂ ਦੀ ਖਰੀਦ ਸ਼ਕਤੀ ਵੱਧਦੀ ਹੈ ਜਿਸ ਨਾਲ ਬਜਾਰ ਵਿਚ ਤੇਜੀ ਆਉਂਦੀ ਹੈ ਅਤੇ ਕੰਪਨੀਆਂ ਦੇ ਉਤਪਾਦਾਂ ਦੀ ਵਿਕਰੀ ਵੱਧਦੀ ਹੈ ਜਿਸ ਨਾਲ ਇੰਡਸਟਰੀ ਖੇਤਰ ਵਿਚ ਤੇਜੀ ਆਉਂਦੀ ਹੈ, ਰੋਜਗਾਰ ਦੇ ਮੌਕੇ ਪੈਦਾ ਹੁੰਦੇ ਹਨ, ਪੂੰਜੀ ਦਾ ਪ੍ਰਵਾਹ ਵੱਧਦਾ ਹੈ, ਟੈਕਸ ਉਗਰਾਹੀ ਵੱਧਦੀ ਹੈ ਅਤੇ ਸਮੂਚੇ ਤੌਰ ਤੇ ਦੇਸ਼ ਤਰੱਕੀ ਕਰਦਾ ਹੈ। ਪਰ ਮੋਦੀ ਸਰਕਾਰ ਸਿਰਫ ਵੱਡੇ ਉਦਯੌਗਪਤੀਆਂ ਨੂੰ ਰਿਆਇਤਾ ਦੇ ਰਹੀ ਹੈ ਜਿਸ ਨਾਲ ਨਾ ਉਤਪਾਦਨ ਵੱਧ ਰਿਹਾ ਹੈ, ਨਾ ਨਿਵੇਸ ਹੋ ਰਿਹਾ ਹੈ, ਨਾ ਬੇਰੁਜਗਾਰੀ ਘੱਟ ਰਹੀ ਹੈ।

ਇਸੇ ਤਰਾਂ ਮਗਨਰੇਗਾ ਵਿਚ ਬਜਟ ਵਾਧਾ ਨਾ ਕਰਕੇ ਵੀ ਭਾਜਪਾ ਸਰਕਾਰ ਨੇ ਸਿੱਧ ਕਰ ਦਿੱਤਾ ਹੈ ਕਿ ਉਸ ਦੇ ਏਂਜਡੇ ਵਿਚ ਪੇਂਡੂ ਭਾਰਤ ਅਤੇ ਗਰੀਬ ਹਨ ਹੀ ਨਹੀਂ। ਉਨਾਂ੍ਹ ਨੇ ਕਿਹਾ ਕਿ ਇਸ ਯੋਜਨਾ ਨੇ ਪੇਂਡੂ ਭਾਰਤ ਦੇ ਵਿਕਾਸ ਅਤੇ ਆਮਦਨ ਵਾਧੇ ਵਿਚ ਵੱਡਾ ਯੋਗਦਾਨ ਪਾਇਆ ਸੀ, ਪਰ ਮੋਦੀ ਸਰਕਾਰ ਨੇ ਇਸ ਯੋਜਨਾ ਨੂੰ ਕੋਈ ਤਰਜੀਹ ਨਹੀਂ ਦਿੱਤੀ ਹੈ।ਉਨ੍ਹਾਂ ਨੇ ਕਿਹਾ ਕਿ ਇਹ ਮਗਨਰੇਗਾ ਹੀ ਸੀ ਜਿਸ ਨੇ ਦਿਹਾਤੀ ਵਿਕਾਸ ਨੂੰ ਜਿੱਥੇ ਨਵੀਂ ਦਿਸ਼ਾ ਦਿੱਤੀ ਸੀ ਉਥੇ ਹੀ ਇਸ ਨਾਲ ਪਿੰਡਾਂ ਦੇ ਲੋਕਾਂ ਦੀ ਆਰਥਿਕਤਾ ਚੰਗੀ ਹੋਈ ਨਤੀਜਨ ਬਜਾਰ ਵਿਚ ਜਿਆਦਾ ਪੈਸਾ ਆਇਆ ਅਤੇ ਦੇਸ਼ ਦੀ ਤਰੱਕੀ ਦੀ ਰਫ਼ਤਾਰ ਮੰਦੀ ਨਹੀਂ ਪਈ ਸੀ।

ਇਸੇ ਤਰਾਂ ਐਲਆਈਸੀ ਵਰਗੇ ਲਾਭ ਵਿਚ ਚਲਦੇ ਅਦਾਰੇ ਵਿਚ ਸਰਕਾਰੀ ਹਿੱਸੇਦਾਰੀ ਵੇਚੇ ਜਾਣ ਦੇ ਫੈਸਲੇ ਦੀ ਨਿੰਦਾ ਕਰਦਿਆਂ ਸ੍ਰੀ ਜਾਖੜ ਨੇ ਕਿਹਾ ਕਿ ਭਾਜਪਾ ਸਰਕਾਰੀ ਅਸਾਸੇ ਵੇਚ ਕੇ ਡੰਗ ਟਪਾਊ ਸਰਕਾਰ ਚਲਾ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੇ ਟੈਕਸਾਂ ਵਿਚ ਵੀ ਸਰਕਾਰ ਨੇ ਜੇ ਮਾਮੂਲੀ ਕਰ ਛੋਟ ਦਿੱਤੀ ਹੈ ਤਾਂ ਦੂਜੀਆਂ ਛੋਟਾਂ ਬੰਦ ਕਰਕੇ ਵਾਪਿਸ ਸਥਿਤੀ ਉਸੇ ਥਾਂ ਲੈ ਆਂਦੀ ਹੈ।ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਕਰ ਸਿੱਧੇ ਟੈਕਸਾਂ ਦੀ ਕਰ ਪ੍ਰਣਾਲੀ ਨੂੰ ਵੀ ਜੀਐਸਟੀ ਵਾਂਗ ਗੁੰਜਲਦਾਰ ਕਰ ਦਿੱਤਾ ਹੈ ਜੇ ਕਿ ਕਰਦਾਤਾਵਾਂ ਦੇ ਸਮਝ ਵਿਚ ਨਹੀਂ ਆ ਰਹੀ ਹੈ।

ਸੂਬਾ ਕਾਂਗਰਸ ਪ੍ਰਧਾਨ ਨੇ ਕਿਹਾ ਕਿ ਕਿਸਾਨਾਂ ਦੀ ਆਮਦਨ ਵਾਧੇ ਲਈ ਇਕ ਵਾਰ ਫਿਰ ਸਬਜਬਾਗ ਵਿਖਾਇਆ ਗਿਆ ਹੈ ਪਰ ਹਕੀਕਤ ਵਿਚ ਕੁਝ ਵੀ ਕਿਸਾਨਾਂ ਲਈ ਨਹੀਂ ਕੀਤਾ ਗਿਆ।ਉਨ੍ਹਾਂ ਨੇ ਕਿਹਾ ਕਿ ਸੋਲਰ ਪੰਪ ਸਕੀਮ ਨਾਲ ਬਜੰਰ ਜਮੀਨਾਂ ਦੀ ਸ਼ਰਤ ਜੋੜ ਕੇ ਇਕ ਤਰਾਂ ਨਾਲ ਇਸ ਸਕੀਮ ਵਿਚੋਂ ਪੰਜਾਬ ਨੂੰ ਤਾਂ ਬਾਹਰ ਹੀ ਕਰ ਦਿੱਤਾ ਹੈ।