ਮੈਂ ਜਦ ਵੀ ਸਵੇਰ ਦੀ ਸੈਰ ਨੂੰ ਜਾਂਦਾ ਉਹ ਮੈਨੂੰ ਦੂਰੋਂ ਦੇਖ ਕੇ ਆਪਣੇ ਕਰੇੜੇ ਦੰਦਾਂ ਨਾਲ ਘੁੱਟਵੀਂ ਜਿਹੀ ਮੁਸਕਰਾਹਟ ਦੇ ਕੇ ਸਿਰ ਹਿਲਾਉਂਦਾ ਤੇ ਫਿਰ ਮੇਰੇ ਮੂੰਹੋਂ ਕੁਝ ਨਿਕਲਣ ਦੀ ਤਾਂਘ ਵਿੱਚ ਆਪਣੇ ਚਿਹਰੇ ਦੇ ਹਾਵ-ਭਾਵ ਬਦਲਦਾ ਰਹਿੰਦਾ। ਉਹਦੇ ਕੋਲੋਂ ਲੰਘਦਿਆਂ ਮੈਂ ਉਸ ਨੂੰ ‘ਸਤਿ ਸ੍ਰੀ ਅਕਾਲ’ ਬੁਲਾਉਂਦਾ ਤੇ ਉਸ ਦਾ ਮੋੜਵਾਂ ਜਵਾਬ ਹੁੰਦਾ ‘ਜੈ ਸ਼ਿਵ ਸ਼ੰਕਰ’। ਇਸ ਤੋਂ ਵੱਧ ਨਾ ਮੈਂ ਕੁਝ ਕਹਿੰਦਾ ਤੇ ਨਾ ਉਹ। ਪਰ ਮੈਂ ਤੁਰਿਆ ਜਾਂਦਾ ਇਹ ਸੋਚੀ ਜਾਂਦਾ ਕਿ ਬੰਦਾ ਅਜੀਬ ਐ, ਕੱਟੜਤਾ ਨਾਲ ਭਰਿਆ ਪਿਐ ਤੇ ਹੋਰ ਪਤਾ ਨਹੀਂ ਕਿੰਨੇ ਦੋਸ਼ ਮੈਂ ਉਹਦੇ ਸਿਰ ਮੜ੍ਹਦਾ।
ਉਹ ਦੂਰ ਤੱਕ ਮੈਥੋਂ ਚੋਰੀ ਮੈਨੂੰ ਤੱਕਦਾ, ਗੂੰਗੇ ਅੱਖਰੀਂ ਹਾਕਾਂ ਮਾਰਦਾ ਤੇ ਪਾਰਕ ਦੇ ਬਾਹਰ ਖੜ੍ਹਾ ਬੀੜੀ ਦੇ ਲੰਮੇ-ਲੰਮੇ ਕਸ਼ ਮਾਰਦਾ ਮੈਨੂੰ ਧੂੰਏਂ ਦੇ ਸੁਨੇਹੇ ਘੱਲਦਾ ‘‘ਆ ਮੇਰੇ ਨਾਲ ਕੋਈ ਲੰਮੀ ਬਾਤ ਪਾ।’’
ਮੈਨੂੰ ਜਾਪਦਾ ਹੈ ਕਿ ਸਾਡੇ ਦਰਮਿਆਨ… ਸ਼ਾਇਦ ਧਰਮ ਆ ਖੜ੍ਹਦਾ। ਮੈਂ ਸੋਚਦਾ ਕਿ ‘ਇਹਨੂੰ ਸਤਿ ਸ੍ਰੀ ਅਕਾਲ ਦਾ ਜਵਾਬ ਦੇਣ ਵਿੱਚ ਕੀ ਸਮੱਸਿਆ ਹੈ। ਇਹ ਮੁਹੱਬਤ ਦੇ ਫਲਸਫ਼ੇ ਤੋਂ ਊਣਾ ਕਿਉਂ ਐ…?’
ਇਸ ਤਰ੍ਹਾਂ ਮੈਂ ਆਪਣੀ ਹਉਂ ਨੂੰ ਉੱਚਾ ਰੱਖਣ ਲਈ ਉਸ ਮੋਟੇ, ਗੰਜੇ ਤੇ ਸਿਆਹ ਰੰਗ ਦੇ ਸਫ਼ਾਈ ਸੇਵਕ ਵਿੱਚ ਅਨੇਕਾਂ ਹੀ ਘਾਟਾਂ ਟੋਲਦਾ ਰਹਿੰਦਾ। ਇਹ ਸਿਲਸਿਲਾ ਕਈ ਮਹੀਨੇ ਚੱਲਿਆ ਤੇ ਨਾਲ ਹੀ ਚਲਦੀ ਰਹੀ ਸਾਡੇ ਚਿਹਰੇ, ਨੈਣਾਂ ਤੇ ਭਾਵਾਂ ਦਰਮਿਆਨ ਸੀਤ ਜੰਗ।
ਤੇ… ਫਿਰ ਕਰੋਨਾ ਕਰਕੇ ਤਾਲਾਬੰਦੀ ਹੋ ਗਈ ਅਤੇ ਸਾਡੀ ਮਿਲਣੀ ਬੰਦ ਹੋ ਗਈ, ਪਰ ਮੇਰੀ ਸੋਚ ਦੇ ਘੋੜਿਆਂ ਦੇ ਪੌੜ ਉਹਦੇ ਝਾੜੂ ਦੀਆਂ ਤੀਲ੍ਹਾਂ ਮਧੋਲਦੇ ਰਹੇ।
ਪੂਰੇ ਸਵਾ ਤਿੰਨ ਮਹੀਨਿਆਂ ਪਿੱਛੋਂ ਮੈਂ ਮੁੜ ਉਹਨੂੰ ਦੂਰੋਂ ਵੇਖਿਆ। ਸਾਡੇ ਦੋਵਾਂ ਦੇ ਚਿਹਰੇ ਇੱਕ ਦੂਜੇ ਨੂੰ ਦੇਖ ਖਿੜ ਗਏ। ਲੱਗਿਆ ਜਿਵੇਂ ਉਹ ਮੈਨੂੰ ਗਲਵਕੜੀ ਪਾ ਲਵੇਗਾ। ਜਦ ਮੈਂ ਨੇੜੇ ਗਿਆ ਤਾਂ ਉਹ ਬਹੁਤ ਭਾਵੁਕ ਜਿਹਾ ਹੋ ਕੇ ਤੇ ਕਾਹਲੀ ਨਾਲ ਬੋਲਿਆ, ‘‘ਸਤਿ ਸ੍ਰੀ ਅਕਾਲ …ਸਰਦਾਰ ਜੀ।’’ ਮੇਰੇ ਸਿਰ ਵਿੱਚ ਸੌ ਘੜਾ ਪਾਣੀ ਦਾ ਪੈ ਗਿਆ ਤੇ ਮੈਂ ਅਡੋਲ, ਨਿਸ਼ਬਦ ਖੜ੍ਹਾ ਸਿਰਫ਼ ਸਿਰ ਹਿਲਾ ਸਕਿਆ।
ਉਸ ਦਿਨ ਮੈਂ ਇਲਮ ਦੇ ਘੋੜੇ ਤੋਂ ਉੱਤਰਿਆ ਤੇ ਮੈਨੂੰ ਅਹਿਸਾਸ ਹੋਇਆ ਕਿ ਉਹ ਆਪਣੇ ਹਿੱਸੇ ਦਾ ਕੂੜਾ ਹੂੰਝ ਚੁੱਕਾ ਸੀ ਤੇ ਮੈਂ ਹਾਲੇ ਤੱਕ ਨਾਲ ਹੀ ਚੁੱਕੀ ਫਿਰਦਾ ਸਾਂ।
– ਰੂਪ ਸਤਵੰਤ