ਨਵੀਂ ਦਿੱਲੀ, 29 ਅਪਰੈਲ
ਪ੍ਰਦਰਸ਼ਨਕਾਰੀ ਪਹਿਲਵਾਨਾਂ ਨੇ ਅੱਜ ਦਾਅਵਾ ਕੀਤਾ ਕਿ ਕੁਝ ਲੋਕ ਉਨ੍ਹਾਂ ਦੇ ਅੰਦੋਲਨ ਨੂੰ ਭਟਕਾਉਣ ਦੀ ਸਾਜ਼ਿਸ਼ ਤਹਿਤ ਇਥੇ ਆਏ ਹਨ ਪਰ ਉਨ੍ਹਾਂ ਨੇ ਇਹ ਨਹੀਂ ਦੱਸਿਆ ਕਿ ਉਹ ਕੌਣ ਹਨ। ਟੋਕੀਓ ਓਲੰਪਿਕ ਦੇ ਕਾਂਸੀ ਤਮਗਾ ਜੇਤੂ ਬਜਰੰਗ ਪੂਨੀਆ ਨੇ ਕਿਹਾ ਕਿ ਪਹਿਲਵਾਨ ਆਪਣੇ ਮੰਚ ਦੀ ਵਰਤੋਂ ਸਿਆਸੀ ਫਾਇਦੇ ਲਈ ਨਹੀਂ ਹੋਣ ਦੇਣਗੇ। ਬਜਰੰਗ ਨੇ ਕਿਹਾ, ‘ਕੁਝ ਲੋਕ ਸਾਡੇ ਅੰਦੋਲਨ ਨੂੰ ਕਿਸੇ ਹੋਰ ਦਿਸ਼ਾ ਵੱਲ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਨ ਅਤੇ ਅਸੀਂ ਇਸ ਦਾ ਸਖ਼ਤ ਵਿਰੋਧ ਕਰਦੇ ਹਾਂ। ਇਹ ਭਾਰਤ ਦੀਆਂ ਧੀਆਂ ਲਈ ਇਨਸਾਫ਼ ਦੀ ਲੜਾਈ ਹੈ। ’ਇਸ ਦੌਰਾਨ ਵਿਨੇਸ਼ ਫੋਗਾਟ ਨੇ ਕਿਹਾ, ‘ਮੈਂ ਸੰਵਿਧਾਨਕ ਅਹੁਦਿਆਂ ‘ਤੇ ਬੈਠੇ ਸਾਰੇ ਲੋਕਾਂ ਨੂੰ ਦੱਸਣਾ ਚਾਹੁੰਦੀ ਹਾਂ ਕਿ ਆਮ ਆਦਮੀ ਵੀ ਸਨਮਾਨ ਦਾ ਹੱਕਦਾਰ ਹੈ। ਅਸੀਂ ਸਾਰਿਆਂ ਦਾ ਸਤਿਕਾਰ ਕਰਦੇ ਹਾਂ, ਅਸੀਂ ਅਜਿਹਾ ਕੁਝ ਨਹੀਂ ਕਹਾਂਗੇ ਜੋ ਉਨ੍ਹਾਂ ਦੇ ਸਨਮਾਨ ਦੇ ਵਿਰੁੱਧ ਹੋਵੇ ਪਰ ਸਾਨੂੰ ਵੀ ਸਤਿਕਾਰ ਮਿਲਣਾ ਚਾਹੀਦਾ ਹੈ। ਅਸੀਂ ਸੱਭਿਅਕ ਸਮਾਜ ਤੋਂ ਆਏ ਹਾਂ, ਸਾਨੂੰ ਇਹ ਸਿਖਾਇਆ ਗਿਆ ਹੈ ਕਿ ਬਜ਼ੁਰਗਾਂ ਦਾ ਹਮੇਸ਼ਾ ਸਤਿਕਾਰ ਕਰਨਾ ਚਾਹੀਦਾ ਹੈ। ਜੇ ਸਾਡੇ ਕਹੇ ਨਾਲ ਕਿਸੇ ਦੇ ਮਨ ਨੂੰ ਸੱਟ ਵੱਜੀ ਹੈ ਉਸ ਲਈ ਮੁਆਫ਼ੀ ਮੰਗਦੇ ਹਾਂ।’