ਓਸਲੋ (ਨਾਰਵੇਅ), 7 ਅਕਤੂਬਰ

ਅੰਸ਼ੂ ਮਲਿਕ ਨੇ ਅੱਜ ਉਸ ਵੇਲੇ ਵਿਸ਼ਵ ਚੈਂਪੀਅਨਸ਼ਿਪ ਫਾਈਨਲ ਵਿਚ ਪਹੁੰਚਣ ਵਾਲੀ ਪਹਿਲੀ ਭਾਰਤੀ ਮਹਿਲਾ ਪਹਿਲਵਾਨ ਬਣ ਕੇ ਇਤਿਹਾਸ ਸਿਰਜ ਦਿੱਤਾ ਜਦੋਂ ਉਸ ਨੇ ਜੂਨੀਅਰ ਯੂਰਪੀ ਚੈਂਪੀਅਨ ਸੋਲੋਮੀਆ ਵਿੰਕ ਨੂੰ ਹਰਾਇਆ। ਉੱਥੇ ਹੀ ਵਿਸ਼ਵ ਚੈਂਪੀਅਨ ਨੂੰ ਹਰਾ ਕੇ ਉਲਟਫੇਰ ਕਰਨ ਵਾਲੀ ਸਰਿਤਾ ਮੋਰ ਸੈਮੀ ਫਾਈਨਲ ਵਿਚ ਹਾਰ ਗਈ ਅਤੇ ਹੁਣ ਕਾਂਸੀ ਲਈ ਖੇਡੇਗੀ। 19 ਸਾਲਾ ਅੰਸ਼ੂ ਨੇ ਸ਼ੁਰੂ ਤੋਂ ਹੀ ਸੈਮੀ ਫਾਈਨਲ ਵਿਚ ਦਬਦਬਾ ਬਣਾਈ ਰੱਖਿਆ ਅਤੇ ਤਕਨੀਕੀ ਮੁਹਾਰਤ ਦੇ ਆਧਾਰ ’ਤੇ ਜਿੱਤ ਦਰਜ ਕਰ ਕੇ 57 ਕਿੱਲੋ ਵਰਗ ਦੇ ਫਾਈਨਲ ਵਿਚ ਪਹੁੰਚ ਗਈ। ਇਸ ਤੋਂ ਪਹਿਲਾਂ ਭਾਰਤ ਦੀਆਂ ਚਾਰ ਮਹਿਲਾ ਪਹਿਲਵਾਨਾਂ ਨੇ ਵਿਸ਼ਵ ਚੈਂਪੀਅਨਸ਼ਿਪ ਵਿਚ ਤਗ਼ਮਾ ਜਿੱਤਿਆ ਹੈ ਪਰ ਸਾਰਿਆਂ ਨੂੰ ਕਾਂਸੀ ਤਗ਼ਮਾ ਮਿਲਿਆ ਹੈ। ਗੀਤਾ ਫੋਗਾਟ ਨੇ 2012 ਵਿਚ, ਬਬੀਤਾ ਫੋਗਾਟ ਨੇ 2012 ’ਚ, ਪੂਜਾ ਢਾਂਡਾ ਨੇ 2018 ਅਤੇ ਵਿਨੇਸ਼ ਫੋਗਾਟ ਨੇ 2019 ਵਿਚ ਕਾਂਸੀ ਤਗ਼ਮਾ ਜਿੱਤਿਆ ਸੀ। ਅੰਸ਼ੂ ਵਿਸ਼ਵ ਚੈਂਪੀਅਨਸ਼ਿਪ ਫਾਈਨਲ ਵਿਚ ਪਹੁੰਚਣ ਵਾਲੀ ਤੀਜੀ ਭਾਰਤੀ ਹੈ। ਉਸ ਤੋਂ ਪਹਿਲਾਂ ਸੁਸ਼ੀਲ ਕੁਮਾਰ (2010) ਅਤੇ ਬਜਰੰਗ ਪੂਨੀਆ (2018) ਇਹ ਕਮਾਲ ਕਰ ਚੁੱਕੇ ਹਨ। ਇਨ੍ਹਾਂ ’ਚੋਂ ਸੁਸ਼ੀਲ ਵੀ ਸੋਨ ਤਗ਼ਮਾ ਜਿੱਤ ਚੁੱਕੇ ਹਨ।