ਰੋਮ:ਟੋਕੀਓ ਓਲੰਪਿਕ ਦੀਆਂ ਤਿਆਰੀਆਂ ’ਚ ਲੱਗੇ ਭਾਰਤੀ ਪਹਿਲਵਾਨ ਬਜਰੰਗ ਪੂਨੀਆ ਨੇ ਆਖਰੀ 30 ਸਕਿੰਟਾਂ ਵਿੱਚ ਦੋ ਅੰਕ ਬਣਾ ਕੇ ਮਾਟਿਓ ਪੈਲੀਕੋਨ ਰੈਂਕਿੰਗ ਕੁਸ਼ਤੀ ਸੀਰੀਜ਼ ਵਿੱਚ ਸੋਨ ਤਗਮਾ ਜਿੱਤ ਕੇ ਆਪਣਾ ਖਿਤਾਬ ਬਚਾਅ ਲਿਆ। ਇਸ ਦੇ ਨਾਲ ਹੀ ਉਹ ਆਪਣੇ ਭਾਰ ਵਰਗ ਵਿੱਚ ਫਿਰ ਸਿਖਰ ’ਤੇ ਪਹੁੰਚ ਗਿਆ ਹੈ। ਮੰਗੋਲੀਆ ਦੇ ਤੁਲਗਾ ਤੁਮੂਰ ਓਚਿਰ ਖ਼ਿਲਾਫ਼ 65 ਕਿਲੋ ਵਰਗ ਦੇ ਫਾਈਨਲ ਵਿੱਚ ਬਜਰੰਗ ਅੰਤਮ ਪਲਾਂ ਤਕ 0-2 ਨਾਲ ਪਿੱਛੇ ਚੱਲ ਰਿਹਾ ਸੀ ਪਰ ਆਖਰੀ 30 ਸਕਿੰਟਾਂ ਵਿੱਚ ਉਸ ਨੇ ਦੋ ਅੰਕ ਬਣਾ ਕੇ ਸਕੋਰ ਬਰਾਬਰ ਕਰ ਲਿਆ। ਐਤਵਾਰ ਨੂੰ ਹੋਏ ਮੁਕਾਬਲੇ ਵਿੱਚ ਭਾਰਤੀ ਪਹਿਲਵਾਨ ਨੇ ਆਖਰੀ ਅੰਕ ਬਣਾਇਆ ਸੀ, ਜਿਸ ਆਧਾਰ ’ਤੇ ਉਸ ਨੂੰ ਜੇਤੂ ਐਲਾਨਿਆ ਗਿਆ। ਬਜਰੰਗ ਇਸ ਟੂਰਨਾਮੈਂਟ ਤੋਂ ਪਹਿਲਾਂ ਆਪਣੇ ਭਾਰ ਵਰਗ ਦੀ ਰੈਂਕਿੰਗ ਵਿੱਚ ਦੂਸਰੇ ਸਥਾਨ ’ਤੇ ਸੀ ਪਰ ਇੱਥੇ 14 ਅੰਕ ਹਾਸਲ ਕਰਕੇ ਉਹ ਸਿਖਰ ’ਤੇ ਪਹੁੰਚ ਗਿਆ।

ਇਸੇ ਤਰ੍ਹਾਂ ਵਿਸ਼ਾਲ ਕਾਲੀਰਮਨ ਨੇ ਗੈਰ-ਓਲੰਪਿਕ ਵਰਗ ਦੇ 70 ਕਿਲੋ ਮੁਕਾਬਲੇ ਵਿੱਚ ਕਜ਼ਾਖਿਸਤਾਨ ਦੇ ਸੀਰਬਾਜ ਤਾਲਗਤ ਨੂੰ 5-1 ਨਾਲ ਹਰਾ ਕੇ ਕਾਂਸੇ ਦਾ ਤਗਮਾ ਹਾਸਲ ਕੀਤਾ। ਭਾਰਤ ਨੇ ਸਾਲ ਦੀ ਇਸ ਪਹਿਲੀ ਰੈਂਕਿੰਗ ਸੀਰੀਜ਼ ਵਿੱਚ ਸੱਤ ਤਗਮੇ ਜਿੱਤੇ। ਬੀਤੇ ਦਿਨ ਮਹਿਲਾ ਵਰਗ ਵਿੱਚ ਵਿਨੇਸ਼ ਫੋਗਾਟ ਨੇ ਸੋਨੇ ਦਾ ਅਤੇ ਸਰਿਤਾ ਮੋਰ ਨੇ ਚਾਂਦੀ ਦਾ ਤਗਮਾ ਜਿੱਤਿਆ ਸੀ।