ਬੁੱਧਵਾਰ ਨੂੰ ਕੁਰੂਕਸ਼ੇਤਰ, ਹਰਿਆਣਾ ਵਿੱਚ ਭਾਰਤੀ ਕਿਸਾਨ ਯੂਨੀਅਨ (ਚੜੂਨੀ) ਦੇ ਪ੍ਰਧਾਨ ਗੁਰਨਾਮ ਸਿੰਘ ਚੜੂਨੀ ਨੇ ਜ਼ਿਲ੍ਹਾ ਖੁਰਾਕ ਅਤੇ ਸਪਲਾਈ ਕੰਟਰੋਲਰ (ਡੀਐਫਐਸਸੀ) ਰਾਜੇਸ਼ ਕੁਮਾਰ ਨੂੰ ਥੱਪੜ ਮਾਰ ਦਿੱਤਾ। ਫਿਰ ਉਹ ਆਪਣੀ ਪ੍ਰੇਸ਼ਾਨੀ ਦੱਸਦੇ ਹੋਏ ਭੁੱਬਾਂ ਮਾਰ ਕੇ ਰੌਣ ਲੱਗ ਪਏ। ਚੜੂਨੀ ਹੋਰ ਕਿਸਾਨਾਂ ਦੇ ਨਾਲ ਝੋਨੇ ਦੀ ਖਰੀਦ ਨਾ ਹੋਣ ਦੇ ਵਿਰੋਧ ਵਿੱਚ ਮਿੰਨੀ ਸਕੱਤਰੇਤ ਵਿਚ ਧਰਨਾ ਦੇਣ ਪਹੁੰਚੇ ਸਨ। ਝਗੜੇ ਤੋਂ ਬਾਅਦ ਪੁਲਿਸ ਨੇ ਚੜੂਨੀ ਸਣੇ 30 ਤੋਂ ਵੱਧ ਕਿਸਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ। ਉਨ੍ਹਾਂ ਨੂੰ ਝਾਂਸਾ ਪੁਲਿਸ ਸਟੇਸ਼ਨ ਲਿਜਾਇਆ ਗਿਆ। ਚੜੂਨੀ ਦੀ ਹਿਰਾਸਤ ਤੋਂ ਬਾਅਦ ਹੋਰ ਕਿਸਾਨ ਝਾਂਸਾ ਪੁਲਿਸ ਸਟੇਸ਼ਨ ਦੇ ਬਾਹਰ ਇਕੱਠੇ ਹੋ ਗਏ ਅਤੇ ਬਾਹਰ ਧਰਨਾ ਸ਼ੁਰੂ ਕਰ ਦਿੱਤਾ। ਪੁਲਿਸ ਫੋਰਸ ਅਤੇ ਕਿਸਾਨਾਂ ਵਿਚਾਲੇ ਝੜਪ ਹੋ ਗਈ। ਪੁਲਿਸ ਨੇ ਹੁਣ ਕਿਸਾਨਾਂ ਨੂੰ ਗੱਲਬਾਤ ਲਈ ਸਰਕਟ ਹਾਊਸ ਬੁਲਾਇਆ ਹੈ।

ਇਸ ਮਗਰੋਂ ਝਾਂਸਾ ਪੁਲਿਸ ਸਟੇਸ਼ਨ ਦੇ ਬਾਹਰ ਵੱਡੀ ਗਿਣਤੀ ਵਿੱਚ ਕਿਸਾਨ ਇਕੱਠੇ ਹੋ ਗਏ। ਉਹ ਕਿਸਾਨ ਆਗੂ ਗੁਰਨਾਮ ਸਿੰਘ ਚੜੂਨੀ ਅਤੇ ਹੋਰ ਕਿਸਾਨਾਂ ਦੀ ਗ੍ਰਿਫ਼ਤਾਰੀ ਵਿਰੁੱਧ ਨਾਅਰੇਬਾਜ਼ੀ ਕੀਤੀ। ਗੁਰਨਾਮ ਸਿੰਘ ਚੜੂਨੀ ਵਿਰੁੱਧ ਕੇਸ ਦਰਜ ਕੀਤਾ ਜਾ ਰਿਹਾ ਹੈ। ਇਸ ਦੌਰਾਨ ਕਿਸਾਨ ਡੀਐਫਐਸਸੀ ਨੂੰ ਸਸਪੈਂਡ ਕਰਨ ‘ਤੇ ਅੜ ਗਏ। ਉਨ੍ਹਾਂ ਦਾ ਦੋਸ਼ ਹੈ ਕਿ ਡੀਐਫਐਸਸੀ ਵਿਰੁੱਧ ਪਹਿਲਾਂ ਹੀ ਕੇਸ ਦਰਜ ਹੈ। ਕਿਸਾਨ ਇਸ ਮੰਗ ਨੂੰ ਲੈ ਕੇ ਮਿੰਨੀ ਸਕੱਤਰੇਤ ਵਿਖੇ ਧਰਨਾ ਦੇਣਗੇ। ਆਪਣੀ ਗ੍ਰਿਫ਼ਤਾਰੀ ਤੋਂ ਪਹਿਲਾਂ ਚੜੂਨੀ ਨੇ ਕਿਹਾ ਕਿ ਡੀਐਫਐਸਸੀ ਇੱਕ ਬਹੁਤ ਹੀ ਭ੍ਰਿਸ਼ਟ ਅਧਿਕਾਰੀ ਹੈ, ਜਿਸ ਕਾਰਨ ਉਹ ਝੋਨੇ ਲਈ ਆਰਓ ਜਾਰੀ ਨਹੀਂ ਕਰ ਰਿਹਾ। ਅਜਿਹੇ ਅਧਿਕਾਰੀ ਨੂੰ ਥੱਪੜ ਮਾਰਨਾ ਇੱਕ ਛੋਟੀ ਜਿਹੀ ਗੱਲ ਹੈ, ਉਸਦੀਆਂ ਲੱਤਾਂ ਤੋੜ ਦੇਣੀਆਂ ਚਾਹੀਦੀਆਂ ਹਨ। ਦੂਜੇ ਪਾਸੇ ਐਸਡੀਐਮ ਅਤੇ ਡੀਐਸਪੀ ਨੇ ਚੜੂਨੀ ਨੂੰ ਭਰੋਸਾ ਦਿੱਤਾ ਕਿ ਉਨ੍ਹਾਂ ਵੱਲੋਂ ਡੀਐਫਐਸਸੀ ਖਿਲਾਫ ਕੋਈ ਸ਼ਿਕਾਇਤ ਦਿੱਤੀ ਗਈ ਤਾਂ ਉਸ ‘ਤੇ ਤੁਰੰਤ ਕਾਰਵਾਈ ਕੀਤੀ ਜਾਵੇਗੀ। ਆਰਓ ਜਾਰੀ ਕਰ ਦਿੱਤੇ ਗਏ ਹਨ ਅਤੇ ਝੋਨੇ ਦੀ ਲਿਫਟਿੰਗ ਵੀ ਸ਼ੁਰੂ ਹੋ ਗਈ ਹੈ। ਕਿਸਾਨਾਂ ਨੂੰ ਹੋਰ ਮੰਡੀਆਂ ਵਿੱਚ ਵੀ ਕਿਸੇ ਵੀ ਸਮੱਸਿਆ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ।