ਸਾਂਵਲ ਧਾਮੀ
ਮੇਰੇ ਪਿੰਡ ਦੀ ਲਹਿੰਦੀ ਗੁੱਠੇ ਵੱਸਦੇ ਪਿੰਡ ਚੱਕ ਗੁੱਜਰਾਂ ਦੇ ਬੱਝਣ ਦੀ ਕਹਾਣੀ ਵੀ ਬੜੀ ਅਨੋਖੀ ਏ। ਅੰਦਾਜ਼ਨ ਉੱਨਵੀਂ ਸਦੀ ਦੇ ਪਹਿਲੇ ਅੱਧ ਦੀ ਗੱਲ ਹੋਵੇਗੀ। ਉਦੋਂ ਪਿੰਡਾਂ ’ਚ ਵਿਰਲੇ-ਟਾਂਵੇਂ ਖੂਹ ਹੁੰਦੇ ਸਨ। ਜ਼ਮੀਨ ਦਾ ਬਹੁਤ ਘੱਟ ਰਕਬਾ ਵਾਹਿਆ-ਬੀਜਿਆ ਜਾਂਦਾ ਸੀ। ਮੇਰੇ ਪਿੰਡ ਦੇ ਲਹਿੰਦੇ ਪਾਸੇ ਦੀ ਬਹੁਤੀ ਜ਼ਮੀਨ ਵਿਰਾਨ ਪਈ ਸੀ। ਸਾਡੇ ਬਜ਼ੁਰਗ ਪਹਾੜ ਵੱਲੋਂ ਮੁਸਲਮਾਨ ਗੁੱਜਰਾਂ ਦੇ ਅੱਠ-ਦਸ ਟੱਬਰ ਸੱਦ ਲਿਆਏ। ਸਮਝੌਤਾ ਇਹ ਹੋਇਆ ਕਿ ਉਹ ਆਪਣੀਆਂ ਮੱਝਾਂ ਦੇ ਨਾਲ ਸਾਡੇ ਪਿੰਡ ਦੇ ਵਾਸੀਆਂ ਦਾ ਚੌਣਾ ਵੀ ਚਾਰਿਆ ਕਰਨਗੇ।
ਗੁੱਜਰਾਂ ਨੇ ਸਾਡੇ ਪਿੰਡ ਸਿੰਗੜੀਵਾਲੇ ਅਤੇ ਦਿਓਵਾਲ ਦੇ ਵਿਚਕਾਰ ਜਿਹੇ, ਸਭ ਨਾਲੋਂ ਉੱਚੀ ਜ਼ਮੀਨ ਉੱਤੇ ਕੁੱਲ੍ਹੀਆਂ ਪਾ ਲਈਆਂ। ਹਰ ਟੱਬਰ ਨੇ ਜੀਆਂ ਦੇ ਹਿਸਾਬ ਨਾਲ ਆਲੇ-ਦੁਆਲੇ ਦਾ ਰਕਬਾ ਵੰਡ ਲਿਆ। ਕੁਝ ਵਰ੍ਹਿਆਂ ਬਾਅਦ ਕੁੱਲ੍ਹੀਆਂ ਦੀ ਥਾਂ ਕੋਠੇ ਉਸਰ ਗਏ। ਉਹ ਹੌਲੀ-ਹੌਲੀ ਆਲੇ-ਦੁਆਲੇ ਦੀ ਜ਼ਮੀਨ ਨੂੰ ਸਾਫ਼ ਕਰਦੇ ਗਏ। ਹਰ ਗੁੱਜਰ ਮੱਝਾਂ ਨਾਲ ਬਲਦਾਂ ਦੀ ਜੋਗ ਵੀ ਰੱਖਣ ਲੱਗਾ। ਪੰਜ-ਸੱਤ ਗੁੱਜਰਾਂ ਨੇ ਖੂਹ ਵੀ ਲਗਵਾ ਲਏ। ਸਦੀਆਂ ਤੋਂ ਬੰਜਰ ਪਈ ਜ਼ਮੀਨ ’ਚ ਫ਼ਸਲਾਂ ਲਹਿਲਹਾਉਣ ਲੱਗ ਪਈਆਂ।
ਜਦੋਂ ਤਕ ਸਾਡੇ ਪਿੰਡ ਦੇ ਬਜ਼ੁਰਗਾਂ ਨੂੰ ਹੋਸ਼ ਆਈ, ਉਦੋਂ ਤਕ ਗੁੱਜਰਾਂ ਦਾ ਡੇਰਾ ‘ਚੱਕ ਗੁੱਜਰਾਂ’ ਨਾਂ ਦਾ ਇਕ ਛੋਟਾ ਜਿਹਾ ਪਿੰਡ ਬਣ ਚੁੱਕਾ ਸੀ। ਸਾਰੇ ਜੱਟਾਂ ਨੇ ਰੁਪਏ ਇਕੱਠੇ ਕੀਤੇ ਤੇ ਲੰਬੜਦਾਰ ਨੂੰ ਗੁੱਜਰਾਂ ਉੱਤੇ ਕੇਸ ਕਰਨ ਲਈ ਸ਼ਹਿਰ ਵੱਲ ਤੋਰ ਦਿੱਤਾ। ਭੋਲੇ-ਭਾਲੇ ਜੱਟਾਂ ਨੂੰ ਇਹ ਵਹਿਮ ਸੀ ਕਿ ਕਿਸੇ ਦਿਨ ਕੋਈ ਅੰਗਰੇਜ਼ ਅਫ਼ਸਰ ਸਿਪਾਹੀਆਂ ਦਾ ਟਰੱਕ ਭਰ ਕੇ ਆਵੇਗਾ ਤੇ ਉਨ੍ਹਾਂ ਦੀ ਜ਼ਮੀਨ ਉੱਤੇ ਕਾਬਜ਼ ਹੋਏ ਗੁੱਜਰਾਂ ਨੂੰ ਉਠਾ ਦੇਵੇਗਾ। ਉਹ ਦਿਨ ਕਦੇ ਨਾ ਆਇਆ। ਇਹ ਗੱਲ ਬਾਅਦ ’ਚ ਪਤਾ ਲੱਗੀ ਕਿ ਗੁੱਜਰਾਂ ਉੱਤੇ ਕੇਸ ਕਰਨ ਲਈ ਇਕੱਠੇ ਕੀਤੇ ਪੈਸਿਆਂ ਨਾਲ ਲੰਬੜਦਾਰ ਨੇ ਬਾਰ ’ਚ ਜ਼ਮੀਨ ਖ਼ਰੀਦ ਲਈ ਸੀ। ਦੇਸ਼ ਆਜ਼ਾਦ ਹੋਇਆ। ਮੁਲਕ ਦੇ ਦੋ ਟੁਕੜੇ ਹੋ ਗਏ। ਪਿੰਡ ਛੱਡਣ ਤੋਂ ਪਹਿਲਾਂ ਚੱਕ ਗੁੱਜਰਾਂ ਦੇ ਮੋਹਤਬਰ ਬੰਦੇ ਸਾਡੇ ਪਿੰਡ ਆਏ। ਉਹ ਹੱਥ ਜੋੜਦਿਆਂ ਆਖਣ ਲੱਗੇ-ਸਰਦਾਰੋ, ਕਦੇ ਤੁਹਾਡੇ ਬਜ਼ੁਰਗਾਂ ਨੇ ਸਾਨੂੰ ਪਹਾੜਾਂ ’ਚੋਂ ਇੱਥੇ ਲਿਆਂਦਾ ਸੀ। ਕਰੀਬ ਡੇਢ ਸੌ ਸਾਲ ਅਸੀਂ ਇਕੱਠਿਆਂ ਗੁਜ਼ਾਰਿਆ ਏ। ਹੁਣ ਅਸੀਂ ਇੱਥੋਂ ਤੁਰ ਚੱਲੇ ਆਂ। ਸਾਡੇ ਘਰ ਸਾਮਾਨ ਨਾਲ ਭਰੇ ਪਏ ਨੇ। ਕਈ ਪਿੰਡ ਸਾਨੂੰ ਲੁੱਟਣ ਨੂੰ ਫਿਰਦੇ ਨੇ। ਅਸੀਂ ਤੁਹਾਨੂੰ ਕਹਿਣ ਆਏ ਆਂ ਕਿ ਸਭ ਤੋਂ ਪਹਿਲਾ ਹੱਕ ਤੁਹਾਡਾ ਏ। ਤੁਸੀਂ ਗੱਡੇ ਜੋੜੋ ਤੇ ਸਾਡਾ ਸਾਰਾ ਸਾਮਾਨ ਲੱਦ ਲਿਆਓ।
ਸਾਡੇ ਪਿੰਡ ਦੇ ਗੱਭਰੂਆਂ ਨੇ ਚੱਕ ਗੁੱਜਰਾਂ ਉੱਤੇ ਪਹਿਰਾ ਲਗਾ ਦਿੱਤਾ। ਪਹਿਲਾਂ ਉੱਥੋਂ ਦੇ ਬਾਸ਼ੰਦਿਆਂ ਨੂੰ ਬਾਹਿਫ਼ਾਜ਼ਤ ਕੈਂਪ ਤਕ ਪਹੁੰਚਾਇਆ ਤੇ ਫਿਰ ਸਾਰਾ ਸਾਮਾਨ ਗੱਡਿਆਂ ਉੱਤੇ ਲੱਦ ਕੇ ਪਿੰਡ ਲੈ ਆਂਦਾ। ਉਨ੍ਹਾਂ ਇਹ ਸਭ ਕੁਝ ਕਿਸੇ ਸਾਂਝੀ ਥਾਂ ਉੱਤੇ ਇਕੱਠਾ ਕਰ ਕੇ ਆਪਸ ’ਚ ਵੰਡ ਲਿਆ। “ਜੇ ਸਾਡੇ ਬਜ਼ੁਰਗ ਗੁੱਜਰਾਂ ਨੂੰ ਵਸਾਉਣ ਦੀ ਭੁੱਲ ਨਾ ਕਰਦੇ ਜਾਂ ਲੰਬੜ ਧੋਖਾ ਨਾ ਕਰਦਾ ਤਾਂ ਅੱਜ ਚੱਕ ਵਾਲੀ ਜ਼ਮੀਨ ਸਾਡੀ ਹੋਣੀ ਸੀ। ਨਾ ਗੁੱਜਰ ਵੱਸਦੇ, ਨਾ ਸੰਤਾਲੀ ਤੋਂ ਬਾਅਦ ਇੱਥੇ ਪਨਾਹਗੀਰ ਆਉਂਦੇ।” ਪਿੰਡ ਦੇ ਬਜ਼ੁਰਗ ਡੂੰਘੇ ਪਛਤਾਵੇ ’ਚ ਅਜਿਹੀਆਂ ਗੱਲਾਂ ਅਕਸਰ ਕਰਦੇ ਰਹਿੰਦੇ ਸਨ।
ਵਿਸਾਖ ਮਹੀਨਾ ਚੜ੍ਹਦਾ, ਕਣਕਾਂ ਪੱਕਦੀਆਂ। ਵਾਢੀਆਂ ਸ਼ੁਰੂ ਹੁੰਦੀਆਂ। ਚੱਕ ਦੇ ਵਸੀਵੇਂ ਵਾਲੇ ਖੇਤਾਂ ’ਚ ਮੈਨੂੰ ਵਾਢਿਆਂ ਨੂੰ ਪਾਣੀ ਪਿਲਾਉਣ ਦੀ ਡਿਊਟੀ ਮਿਲ ਜਾਂਦੀ। ਮੈਂ ਟਾਹਲੀ ਦੀ ਛਾਂਵੇਂ ਕਿਤਾਬ ਪੜ੍ਹਨ ਬੈਠ ਜਾਂਦਾ। ਜਦੋਂ ਕਦੇ ਵਾਢੇ ਆਖਦੇ, ਮੈਂ ਡੋਲੂ ਚੁੱਕ ਕੇ ਪਾਣੀ ਲੈਣ ਤੁਰ ਜਾਂਦਾ। ਚੱਕ ਗੁੱਜਰਾਂ ਦੇ ਇਕ ਡੇਰੇ ’ਚ ਨਲਕਾ ਲੱਗਾ ਹੋਇਆ ਸੀ। ਅੰਬਾਂ ਅਤੇ ਜਾਮਣਾ ਦੇ ਸੰਘਣੇ ਰੁੱਖਾਂ ਥੱਲੇ ਇਕ ਬੱਗੀ ਦਾੜ੍ਹੀ ਵਾਲਾ ਬਜ਼ੁਰਗ ਅਲ੍ਹਾਣੇ ਮੰਜੇ ਉੱਤੇ ਬੈਠਾ ਹੁੰਦਾ।
ਮੈਂ ਸਤਿ ਸ੍ਰੀ ਅਕਾਲ ਬੁਲਾਉਂਦਾ ਤਾਂ ਉਹ ਪੁੱਛਦਾ- ਸਿਆਣਿਆ ਨਈਂ ਜਵਾਨਾਂ! ਕਿਹਦਾ ਪੁੱਤ ਏਂ ਤੂੰ?
ਇਕ ਦੁਪਹਿਰ ਮੈਂ ਵੀ ਥੋੜ੍ਹੀ ਹਿੰਮਤ ਕੀਤੀ।
“ਤੁਹਾਡਾ ਪਿੰਡ ਕਿਹੜਾ ਜੀ?” ਮੈਂ ਪੁੱਛਿਆ।
“ਪਿਛਲਾ ਪਿੰਡ ਕੁਰਾਂਗਣਾ ਸੀ। ਇੱਧਰੋਂ ਬਜ਼ੁਰਗ ਸਟਿਆਣੇ ਬੰਗਲੇ ਕੋਲ ਚੱਕ ਨੰਬਰ ਇਕ ਸੌ ਤੀਹ ਵਿਚ ਚਲੇ ਗਏ ਸੀ। ਓਥੇ ਹੀ ਮੈਂ ਜੰਮਿਆਂ, ਪਲਿਆ, ਖੇਡਾਂ ਖੇਡੀਆਂ, ਨਹਿਰਾਂ ’ਚ ਨਹਾਤੇ ਤੇ ਮੱਝਾਂ ਚਾਰੀਆਂ। ਸੰਤਾਲੀ ’ਚ ਸਾਨੂੰ ਉਜੜਨਾ ਪੈ ਗਿਆ। ਤਿੰਨ ਸਾਲ ਏਧਰ-ਓਧਰ ਰੁਲਣ ਤੋਂ ਬਾਅਦ ਬੜੀ ਮੁਸ਼ਕਲ ਨਾਲ ਆਹ ਪਿੰਡ ਮਿਲਿਆ! ਸਮਝ ਨਹੀਂ ਆਉਂਦੀ ਮੈਂ ਕਿਹੜੇ ਪਿੰਡ ਦਾ ਨਾਂ ਲਵਾਂ! ਸੱਚੀ ਗੱਲ ਤਾਂ ਇਹ ਹੈ ਕਿ ਅਸੀਂ ਪਨਾਹਗੀਰ ਆਂ!” ਇਹ ਕਹਿੰਦਿਆਂ ਉਸਦੇ ਬੋਲ ਭਾਰੇ ਹੋ ਗਏ ਸਨ। ਮੈਂ ਸੋਚਦਾ ਹੁੰਦਾ ਸਾਂ ਕਿ ਪਨਾਹਗੀਰ ਕੋਈ ਵੱਖਰੀ ਤਰ੍ਹਾਂ ਦੇ ਲੋਕ ਹੋਣਗੇ। ਪਰ ਉਹ ਬਜ਼ੁਰਗ ਤਾਂ ਹੂ-ਬ-ਹੂ ਮੇਰੇ ਦਾਦੇ ਵਰਗਾ ਸੀ।
ਮੈਂ ਹੈਰਾਨ ਹੁੰਦਿਆਂ, ਉਸਦੇ ਮੂਹਰੇ ਜ਼ਮੀਨ ਉੱਤੇ ਬੈਠ ਗਿਆ।
“ਰਹਿਮਾ, ਖ਼ੁਸ਼ੀਆਂ, ਫੀਰੋ; ਓਥੇ ਬੜੇ ਯਾਰ ਸਨ ਮੇਰੇ….” ਉਸਨੇ ਆਪਣੀ ਕਹਾਣੀ ਦੀ ਅਗਲੀ ਤੰਦ ਛੋਹ ਲਈ ਸੀ।
“…ਚੰਦਰੇ ਸੰਤਾਲੀ ਨੇ ਸਾਰੇ ਖੋਹ ਲਏ। ਉਹ ਮੌਜਾਂ ਮੁੜ ਨਹੀਂ ਲੱਭੀਆਂ। ਇਨ੍ਹਾਂ ਹਾਕਮਾਂ ਨੇ ਸਾਡੇ ਨਾਲ ਕਿੱਡਾ ਸੋਹਣਾ ਇਨਸਾਫ਼ ਕੀਤਾ ਏ! ਅਸੀਂ ਜ਼ਮੀਨਾਂ ਬਣਾਉਂਦੇ ਮਰ ਗਏ। ਜਦੋਂ ਦਿਨ ਫਿਰੇ ਤਾਂ ਹੁਕਮ ਆ ਗਏ ਕਿ ਉਹ ਸਭ ਕੁਝ ਦੂਜਿਆਂ ਲਈ ਛੱਡ ਕੇ ਤੁਸੀਂ ਭੱਜ ਜਾਓ। ਕਰੋ ਜ਼ਿੰਦਗੀ, ਨਵੇਂ ਸਿਰਿਓਂ ਸ਼ੁਰੂ। ਜ਼ਿੰਦਗੀ ਨੂੰ ਸਿਫ਼ਰ ਤੋਂ ਸ਼ੁਰੂ ਕਰਨਾ ਕਿਤੇ ਸੌਖਾ ਹੁੰਦਾ! ਕੋਈ ਪੰਜਾਹ ਵਰ੍ਹਿਆਂ ਬਾਅਦ ਹੁਣ ਥੋੜ੍ਹੇ ਜਿਹੇ ਸੌਖੇ ਹੋਏ ਆਂ। ਜ਼ਮੀਨ ਵੱਟੇ ਜ਼ਮੀਨ, ਨਹਿਰਾਂ ਵੱਟੇ ਖੂਹ ਤੇ ਘਰਾਂ ਵੱਟੇ ਕੋਠੇ ਵੀ ਮਿਲ ਗਏ ਨੇ, ਪਰ….” ਉਸਨੇ ਠੰਢਾ ਹਉਕਾ ਭਰਿਆ ਸੀ।
“…ਉਹ ਯਾਰ ਤੇ ਉਹ ਬਾਰ ਵਾਲੀ ਬਹਾਰ ਹੁਣ ਕਿੱਥੋਂ ਲੱਭੀਏ? ਉਹ ਚੱਕ ਮੈਨੂੰ ਅੱਜ ਵੀ ਬੜਾ ਯਾਦ ਆਉਂਦਾ! ਵੰਡ ਤੋਂ ਕੁਝ ਵਰ੍ਹੇ ਪਹਿਲਾਂ ਅਸੀਂ ਚਾਰ ਕਿੱਲੇ ਸੰਤਰਿਆਂ ਦਾ ਬਾਗ਼ ਲਗਾਇਆ ਸੀ। ਬੜੀ ਮਿਹਨਤ ਕੀਤੀ ਸੀ। ਜਿਸ ਸਾਲ ਰੌਲੇ ਪਏ, ਉਸ ਸਾਲ ਅਸੀਂ ਪਹਿਲਾ ਫ਼ਲ ਲੈਣਾ ਸੀ। ਅਸੀਂ ਕੀ ਕਰਦੇ? ਚੰਦਰਾ ਸੰਤਾਲੀ ਚੜ੍ਹ ਆਇਆ ਸੀ।
ਘਰਾਂ ’ਚੋਂ ਨਿਕਲ ਕੇ ਅਸੀਂ ਪਿੰਡ ਦੀ ਰੜੀ ’ਚ ’ਕੱਠੇ ਹੋ ਗਏ ਸਾਂ। ਤੁਰਨ ਲੱਗੇ ਯਾਰਾਂ ਮਿੱਤਰਾਂ ਦੇ ਗਲ ਲੱਗ ਕੇ ਬਥੇਰਾ ਰੋਏ। ਜਦੋਂ ਸਾਡੇ ਗੱਡੇ ਆਪਣੇ ਬਾਗ਼ ਕੋਲ ਦੀ ਲੰਘੇ ਤਾਂ ਸਾਡੇ ਦਿਲਾਂ ਦੇ ਰੁਗ ਭਰੇ ਗਏ। ਬੂਟੇ ਫ਼ਲਾਂ ਨਾਲ ਲੱਦੇ ਪਏ ਸਨ। ਅਸੀਂ ਦੋਵੇਂ ਭਰਾਵਾਂ ਨੇ ਭਰੀਆਂ ਅੱਖਾਂ ਨਾਲ ਇਕ ਦੂਜੇ ਵੱਲ ਵੇਖਿਆ ਤੇ ਗੱਡੇ ਤੋਂ ਛਾਲਾਂ ਮਾਰ ਦਿੱਤੀਆਂ।
ਸਾਡੇ ਹੱਥਾਂ ’ਚ ਕਮਾਣੀ ਦੀਆਂ ਤਲਵਾਰਾਂ ਸਨ। ਅਸੀਂ ਉਨ੍ਹਾਂ ਨਾਲ ਬਾਗ਼ ਨੂੰ ਵੱਢਣ ਲੱਗ ਪਏ।
‘ਜੇ ਇੰਨੀ ਮਿਹਨਤ ਕਰਕੇ ਵੀ ਸਾਨੂੰ ਇਸ ਬਾਗ਼ ਦਾ ਫ਼ਲ ਖਾਣ ਨੂੰ ਨਸੀਬ ਨਹੀਂ ਹੋਣਾ ਤਾਂ ਕੋਈ ਹੋਰ ਵੀ ਕਿਉਂ ਖਾਵੇ!’ ਸਾਡੇ ਦਿਲਾਂ ’ਚ ਇਹ ਰੋਸ ਸੀ ਤੇ ਅੱਖੀਆਂ ’ਚ ਅੱਥਰੂ। ਅਸੀਂ ਫ਼ਲ ਨਾਲ ਲੱਦੀਆਂ ਟਾਹਣੀਆਂ ਨੂੰ ਨਿਰੰਤਰ ਵੱਢੀ ਜਾ ਰਹੇ ਸਾਂ।
ਗੱਡੇ ਉੱਤੇ ਬੈਠੇ ਮਾਪੇ ਆਵਾਜ਼ਾਂ ਮਾਰ-ਮਾਰ ਥੱਕ ਗਏ ਸਨ। ਆਖ਼ਰ ਬਾਪੂ ਗੱਡੇ ਤੋਂ ਉੱਤਰ ਕੇ ਸਾਡੇ ਕੋਲ ਆਇਆ। ਉਸਨੇ ਝਿੜਕਿਆ, ਪਰ ਅਸੀਂ ਤਾਂ ਆਪਣੇ ਦੁੱਖ ’ਚ ਗੂੰਗੇ-ਬੋਲੇ ਹੋਏ ਪਏ ਸਾਂ। ਆਖ਼ਰ ਬਾਪੂ ਨੇ ਮੈਨੂੰ ਬਾਹੋਂ ਫੜ ਕੇ ਹਲੂਣਦਿਆਂ ਗੁੱਸੇ ’ਚ ਆਖਿਆ ਸੀ- ਆਹ ਝੱਲ ਨਾ ਖਿਲਾਰੋ। ਓਧਰ ਤੁਸੀਂ ਵੀ ਤਾਂ ਕਿਸੇ ਦੇ ਪਾਲੇ ਹੋਏ ਬਾਗ਼ ਸਾਂਭਣੇ ਹੀ ਨੇ। ਮੇਰੇ ਹੱਥ ਰੁਕ ਗਏ। ਮੈਂ ਧਾਹ ਮਾਰਕੇ ਰੋ ਪਿਆ। ਬਾਪੂ ਨੇ ਮੈਨੂੰ ਆਪਣੇ ਗਲ ਨਾਲ ਲਗਾਇਆ ਤੇ ਮੇਰੀ ਪਿੱਠ ਥਾਪੜਦਿਆਂ ਬੋਲਿਆ- ਅਸੀਂ ਨਾ ਸਹੀ, ਜਿਹੜੇ ਸਾਡੇ ਵਾਂਗ ਰੁਲਦੇ-ਖੁਲਦੇ ਓਧਰੋਂ ਆਉਣਗੇ, ਚਲੋ ਉਹ ਇਸ ਬਾਗ਼ ਦਾ ਫ਼ਲ ਖਾ ਲੈਣਗੇ।
ਮੈਂ ਚੁੱਪ ਕਰਕੇ ਗੱਡੇ ਵੱਲ ਤੁਰ ਪਿਆ। ਮੁੜ ਕੇ ਵੇਖਿਆ ਤਾਂ ਵੱਡਾ ਭਰਾ ਟਾਹਣੀਆਂ ਨੂੰ ਹਾਲੇ ਵੀ ਵੱਢੀ ਜਾ ਰਿਹਾ ਸੀ। ਬਾਪੂ ਉਸਦੇ ਕੋਲ ਗਿਆ। ਉਸਦੇ ਹੱਥੋਂ ਤਲਵਾਰ ਫੜੀ। ਉਸਦੇ ਕੰਨ ’ਚ ਕੋਈ ਗੱਲ ਆਖੀ। ਉਹ ਵੀ ਰੋਂਦਾ ਹੋਇਆ ਮੁੜ ਗੱਡੇ ਉੱਤੇ ਆਣ ਚੜਿ੍ਹਆ। ਇਧਰ ਕਈ ਸਾਲ ਰੁਲਣ ਤੋਂ ਬਾਅਦ ਸਾਡੀ ਪੱਕੀ ਅਲਾਟਮੈਂਟ ਏਸ ਪਿੰਡ ਹੋਈ। ਬਾਪੂ ਨੇ ਸੱਚ ਕਿਹਾ ਸੀ ਕਿ ਅਸੀਂ ਵੀ ਕਿਸੇ ਦੇ ਲਾਏ ਬੂਟਿਆਂ ਦੇ ਫ਼ਲ ਖਾਣੇ ਨੇ। ਹੁਣ ਆਹ ਵੇਖ, ਕਿੱਡੇ ਸ਼ਾਨਦਾਰ ਅੰਬ ਨੇ। ਦੱਸਦੇ ਨੇ ਕਿ ਆਹ ਖੂਹ ਭੁੱਲੇ ਗੁੱਜਰ ਦਾ ਹੁੰਦਾ ਸੀ। ਸਾਨੂੰ ਤਾਂ ਉਹ ਸੰਤਰੇ ਨਹੀਂ ਭੁੱਲਦੇ, ਰੱਬ ਜਾਣੇ ਉਸਨੇ ਇਹ ਅੰਬ ਕਿੰਜ ਭੁਲਾਏ ਹੋਣਗੇ!” ਬਾਬਾ ਸਾਹ ਲੈਣ ਲਈ ਰੁਕਿਆ।
“ਤੁਹਾਡੇ ਭਰਾ ਦੇ ਕੰਨ ’ਚ ਬਾਪੂ ਨੇ ਕੀ ਕਿਹਾ ਹੋਵੇਗਾ?” ਮੈਂ ਆਖ਼ਰ ’ਚ ਇਹ ਸਵਾਲ ਕੀਤਾ।
“ਭਾਈ ਨੇ ਮੈਨੂੰ ਬਾਅਦ ’ਚ ਦੱਸਿਆ ਕਿ ਬਾਪੂ ਬੋਲਿਆ ਸੀ- ਪੁੱਤਰਾ ਤੂੰ ਇੰਨੀ ਛੋਟੀ ਸੋਚ ਨਾ ਰੱਖ। ਆਹ ਨਿੱਕੀਆਂ-ਨਿੱਕੀਆਂ ਗੱਲਾਂ ਲਈ ਤੂੰ ਕਿਉਂ ਤੜਫ਼ ਰਿਹਾ ਏਂ? ਉਹ ਜਿਹੜੇ ਓਧਰੋਂ ਆਉਣਗੇ, ਉਹ ਕੋਈ ਬਿਗਾਨੇ ਥੋੜ੍ਹੋ ਹੋਣਗੇ। ਆਪਣੇ ਪੰਜਾਬੀ ਹੀ ਹੋਣਗੇ। ਸਾਡੇ ਵਾਂਗੂੰ ਉੱਜੜੇ। ਇਹ ਕੁਦਰਤ ਦੀ ਨਿਆਮਤ ਨੇ। ਕੋਈ ਸ਼ਰਮ ਕਰ! ਤੂੰ ਇਨ੍ਹਾਂ ਨੂੰ ਕਿਉਂ ਬਰਬਾਦ ਕਰ ਰਿਹਾ? ਬਸ ਬਾਪੂ ਦੀ ਆਹ ਗੱਲ ਭਰਾ ਨੂੰ ਲੜ ਗਈ ਸੀ।” ਗੱਲ ਮੁਕਾਉਂਦਿਆ, ਬਾਬਾ ਖਿੜਖਿੜਾ ਕੇ ਹੱਸ ਪਿਆ।