ਇੰਫਾਲ, 28 ਜੁਲਾਈ
ਕੁਕੀ-ਜ਼ੋ ਭਾਈਚਾਰੇ ਦੇ ਲੋਕਾਂ ਨੇ ਆਦਿਵਾਸੀਆਂ ਲਈ ਵੱਖਰੇ ਪ੍ਰਸ਼ਾਸਨ ਦੀ ਮੰਗ ਨੂੰ ਲੈ ਕੇ ਮਨੀਪੁਰ ਦੇ ਕਾਂਗਪੋਕਪੀ ਜ਼ਿਲ੍ਹੇ ਵਿੱਚ ਰੋੋਸ ਮੁਜ਼ਾਹਰਾ ਕੀਤਾ। ਭਾਈਚਾਰੇ ਨੇ ਮੰਗ ਕੀਤੀ ਕਿ ਕੇਂਦਰ ਸਰਕਾਰ ਕੁਕੀ ਸਮੂਹਾਂ, ਜਿਨ੍ਹਾਂ ਸਰਕਾਰ ਨਾਲ ਪਹਿਲਾਂ ‘ਸਸਪੈਨਸ਼ਨ ਆਫ਼ ਅਪਰੇਸ਼ਨਜ਼’ ਕਰਾਰ ਸਹੀਬੰਦ ਕੀਤਾ ਸੀ, ਨਾਲ ਗੱਲਬਾਤ ਕਰੇ। ਟਰਾਈਬਲ ਯੂਨਿਟੀ ਸਦਰ ਹਿਲਜ਼ ਬਾਰੇ ਕਮੇਟੀ ਦੇ ਬੈਨਰ ਹੇਠ ਕੀਤੇ ਰੋਸ ਮੁਜ਼ਾਹਰੇ ਦੌਰਾਨ ਮੁਜ਼ਾਹਰਾਕਾਰੀਆਂ ਨੇ ਕਾਂਗਪੋਕਪੀ ਤੇ ਇੰਫਾਲ ਪੱਛਮੀ ਜ਼ਿਲ੍ਹਿਆਂ ਦੀ ਸਰਹੱਦ ’ਤੇ ਪੈਂਦੇ ਪਿੰਡ ਗਾਮਗੀਫਾਈ ਵਿੱਚ ਧਰਨਾ ਵੀ ਦਿੱਤਾ। ਇਕ ਮੁਜ਼ਾਹਰਾਕਾਰੀ ਨੇ ਕਿਹਾ, ‘‘ਅਸੀਂ ਸ਼ਾਂਤਮਈ ਤਰੀਕੇ ਨਾਲ ਧਰਨਾ ਦਿੱਤਾ। ਅਸੀਂ ਚਾਹੁੰਦੇ ਹਾਂ ਕਿ ਸਰਕਾਰ ਵੱਖਰੇ ਪ੍ਰਸ਼ਾਸਨ ਦੀ ਸਾਡੀ ਮੰਗ ਪੂਰੀ ਕਰੇ।’’ ਮੁੱਖ ਮੰਤਰੀ ਐੱਨ.ਬੀਰੇਨ ਸਿੰਘ ਇਸ ਮੰਗ ਨੂੰ ਪਹਿਲਾਂ ਹੀ ਨਕਾਰ ਚੁੱਕੇ ਹਨ।