ਨਿਊ ਯਾਰਕ, 23 ਸਤੰਬਰ
ਭਾਰਤ, ਆਸਟਰੇਲੀਆ, ਜਾਪਾਨ ਤੇ ਅਮਰੀਕਾ ਦੀ ਸ਼ਮੂਲੀਅਤ ਵਾਲੇ ਚਾਰ ਮੁਲਕੀ ਸਮੂਹ ‘ਕੁਆਡ’ ਨੇ ਯੂਕਰੇਨ ਵਿੱਚ ਜੰਗ ਦੇ ਜ਼ੋਰ ਫੜਨ ’ਤੇ ਡੂੰਘੀ ਚਿੰਤਾ ਜਤਾਈ ਹੈ। ਕੁਆਡ ਨੇ ਸਾਫ਼ ਕਰ ਦਿੱਤਾ ਕਿ ਪ੍ਰਮਾਣੂ ਹਥਿਆਰਾਂ ਦੀ ਵਰਤੋਂ ਜਾਂ ਵਰਤੋਂ ਦੀ ਧਮਕੀ ਦੇਣ ਨੂੰ ਕਿਸ ਵੀ ਕੀਮਤ ’ਤੇ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਸਮੂਹ ਨੇ ਚੀਨ ਉੱਤੇ ਅਸਿੱਧੇ ਹਮਲੇ ਤੇ ਹਿੰਦ-ਪ੍ਰਸ਼ਾਂਤ ਖਿੱਤੇ ਦੇ ਹਵਾਲੇ ਨਾਲ ਕਿਹਾ ਕਿ ਸਾਰੇ ਦੇਸ਼ਾਂ ਦੀ ਪ੍ਰਭੂਸੱਤਾ ਤੇ ਖੇਤਰੀ ਅਖੰਡਤਾ ਦਾ ਕੌਮਾਂਤਰੀ ਨੇਮਾਂ ਮੁਤਾਬਕ ਸਤਿਕਾਰ ਕੀਤਾ ਜਾਵੇ।
ਭਾਰਤ ਦੇ ਵਿਦੇਸ਼ ਮੰਤਰੀ ਐੱਸ.ਜੈਸ਼ੰਕਰ, ਉਨ੍ਹਾਂ ਦੇ ਅਮਰੀਕੀ ਹਮਰੁਤਬਾ ਐਂਟਨੀ ਬਲਿੰਕਨ, ਆਸਟਰੇਲੀਅਨ ਹਮਰੁਤਬਾ ਪੈਨੀ ਵੌਂਗ ਤੇ ਜਪਾਨ ਦੇ ਹਮਰੁਤਬਾ ਕਾਮੀਕਾਵਾ ਯੋਕੋ ਨੇ ਇਥੇ ਯੂਐੱਨ ਜਨਰਲ ਅਸੈਂਬਲੀ ਦੇ ਉੱਚ ਪੱਧਰੀ 78ਵੇਂ ਇਜਲਾਸ ਤੋਂ ਇਕਪਾਸੇ ਕੁਆਡ ਦੇ ਵਿਦੇਸ਼ ਮੰਤਰੀਆਂ ਦੀ ਬੈਠਕ ਵਿੱਚ ਸ਼ਿਰਕਤ ਕੀਤੀ। ‘ਕੁਆਡ’ ਨੇ ਬੈਠਕ ਮਗਰੋਂ ਸਾਂਝੇ ਬਿਆਨ ਵਿੱਚ ਯੂਕਰੇਨ ਵਿੱਚ ਜੰਗ ਦੇ ਜ਼ੋਰ ਫੜਨ ’ਤੇ ਫਿਕਰ ਜਤਾੲਿਆ ਤੇ ਇਸ ਕਰਕੇ ਮਾਨਵਤਾ ਨੂੰ ਪੁੱਜੇ ਨੁਕਸਾਨ ਉੱਤੇ ਸੋਗ ਜ਼ਾਹਿਰ ਕੀਤਾ। ਚਾਰ ਮੁਲਕੀ ਸਮੂਹ ਨੇ ਕਿਹਾ ਕਿ ਕੌਮਾਂਤਰੀ ਨੇਮਾਂ ਤੇ ਯੂਐਨ ਚਾਰਟਰ ਦੇ ਸਿਧਾਂਤਾਂ ਮੁਤਾਬਕ ਯੂਕਰੇਨ ਵਿੱਚ ਸ਼ਾਂਤੀ ਸਥਾਪਤੀ ਦੀ ਵੱਡੀ ਲੋੜ ਹੈ। ਸਮੂਹ ਨੇ ਆਲਮੀ ਖੁਰਾਕ ਸੁਰੱਖਿਆ ਹਾਲਾਤ ਬਾਰੇ ਵੀ ਚਿੰਤਾ ਜਤਾਈ। ਸਮੂਹ ਨੇ ਸੱਦਾ ਦਿੱਤਾ ਕਿ ਉਹ ਅਜਿਹੀ ਯੂਐੱਨ ਸੁਰੱਖਿਆ ਕੌਂਸਲ ਚਾਹੁੰਦੇ ਹਨ, ਜੋ ਵਧੇਰੇ ਅਸਰਦਾਰ, ਪਾਰਦਰਸ਼ੀ ਤੇ ਭਰੋਸੇਯੋਗ ਹੋਵੇ ਤੇ ਜਿੱਥੇ ਵਧੇਰੇ ਨੁਮਾਇੰਦਗੀ ਮਿਲੇ।