ਅਮਰੀਕਾ ‘ਚ ਗੌਤਮ ਅਡਾਨੀ ‘ਤੇ ਲੱਗੇ ਭ੍ਰਿਸ਼ਟਾਚਾਰ ਦੇ ਦੋਸ਼ਾਂ ਅਤੇ ਇਸ ਨੂੰ ਲੈ ਕੇ ਹੋ ਰਹੇ ਹੰਗਾਮੇ ਦਰਮਿਆਨ ਅਡਾਨੀ ਗਰੁੱਪ ਨੂੰ ਇਕ ਹੋਰ ਵੱਡਾ ਝਟਕਾ ਲੱਗਾ ਹੈ। ਕੀਨੀਆ ਨੇ ਅਡਾਨੀ ਗਰੁੱਪ ਨਾਲ 700 ਮਿਲੀਅਨ ਡਾਲਰ ਦੋ ਅਹਿਮ ਸੌਦੇ ਰੱਦ ਕਰ ਦਿੱਤੇ ਹਨ। ਪਹਿਲਾ ਰੱਦ ਕੀਤਾ ਸੌਦਾ ਪਾਵਰ ਟ੍ਰਾਂਸਮਿਸ਼ਨ ਲਾਈਨਾਂ ਦਾ ਨਿਰਮਾਣ ਤੇ ਦੂਜਾ ਇੱਕ ਅੰਤਰਰਾਸ਼ਟਰੀ ਹਵਾਈ ਅੱਡੇ ਲਈ ਸੀ।
ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਕਿਹਾ ਹੈ ਕਿ ਅਡਾਨੀ ਗਰੁੱਪ ਨਾਲ ਹੋਏ ਸਮਝੌਤੇ ਤੁਰੰਤ ਪ੍ਰਭਾਵ ਨਾਲ ਰੱਦ ਕਰ ਦਿੱਤੇ ਜਾਣਗੇ। ਕੀਨੀਆ ਦੀ ਸੰਸਦ ‘ਚ ਰਾਸ਼ਟਰ ਨੂੰ ਆਪਣੇ ਸੰਬੋਧਨ ‘ਚ ਉਨ੍ਹਾਂ ਨੇ ਸੌਦੇ ਨੂੰ ਰੱਦ ਕਰਨ ਦਾ ਐਲਾਨ ਕੀਤਾ।
ਕੀਨੀਆ ਦੇ ਰਾਸ਼ਟਰਪਤੀ ਵਿਲੀਅਮ ਰੂਟੋ ਨੇ ਕਿਹਾ ਕਿ ਮੈਂ ਟਰਾਂਸਪੋਰਟ ਅਤੇ ਊਰਜਾ ਮੰਤਰਾਲੇ ਦੇ ਅਧੀਨ ਸਾਰੀਆਂ ਏਜੰਸੀਆਂ ਨੂੰ ਇਨ੍ਹਾਂ ਪ੍ਰੋਜੈਕਟਾਂ ਨੂੰ ਤੁਰੰਤ ਪ੍ਰਭਾਵ ਨਾਲ ਰੱਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਇਹ ਫੈਸਲਾ ‘ਜਾਂਚ ਏਜੰਸੀਆਂ ਤੋਂ ਮਿਲੇ ਨਵੇਂ ਇਨਪੁਟਸ’ ਤੋਂ ਬਾਅਦ ਲਿਆ ਗਿਆ ਹੈ, ਹਾਲਾਂਕਿ ਉਨ੍ਹਾਂ ਨੇ ਅਮਰੀਕਾ ਦਾ ਨਾਂ ਨਹੀਂ ਲਿਆ।
ਅਡਾਨੀ ਸਮੂਹ ਇੱਕ ਸਮਝੌਤੇ ‘ਤੇ ਦਸਤਖਤ ਕਰਨ ਦੀ ਪ੍ਰਕਿਰਿਆ ਵਿੱਚ ਸੀ ਜਿਸ ਦੇ ਤਹਿਤ ਕੀਨੀਆ ਦੀ ਰਾਜਧਾਨੀ ਨੈਰੋਬੀ ਵਿੱਚ ਮੁੱਖ ਹਵਾਈ ਅੱਡੇ ਦਾ ਆਧੁਨਿਕੀਕਰਨ ਕੀਤਾ ਜਾਣਾ ਸੀ ਅਤੇ ਇੱਕ ਵਾਧੂ ਰਨਵੇਅ ਅਤੇ ਟਰਮੀਨਲ ਦਾ ਨਿਰਮਾਣ ਕੀਤਾ ਜਾਣਾ ਸੀ। ਇਸ ਦੇ ਬਦਲੇ ਗਰੁੱਪ ਨੇ 30 ਸਾਲਾਂ ਲਈ ਏਅਰਪੋਰਟ ਦਾ ਸੰਚਾਲਨ ਕਰਨਾ ਸੀ।
ਨਿਊਜ਼ ਏਜੰਸੀ ਰਾਇਟਰਜ਼ ਦੀ ਰਿਪੋਰਟ ਮੁਤਾਬਕ ਨਿਊਯਾਰਕ ਫੈਡਰਲ ਕੋਰਟ ਨੇ ਗੌਤਮ ਅਡਾਨੀ ਅਤੇ ਉਨ੍ਹਾਂ ਦੇ ਭਤੀਜੇ ਸਾਗਰ ਅਡਾਨੀ ਦੇ ਖਿਲਾਫ ਗ੍ਰਿਫਤਾਰੀ ਵਾਰੰਟ ਜਾਰੀ ਕੀਤਾ ਹੈ।