ਮੁਹਾਲੀ, 18 ਅਪਰੈਲ
ਕਿੰਗਜ਼ ਇਲੈਵਨ ਪੰਜਾਬ ਦੇ ਕਪਤਾਨ ਰਵੀਚੰਦਰਨ ਅਸ਼ਵਿਨ ਦਾ ਮੰਨਣਾ ਹੈ ਕਿ ਉਸ ਦੀ ਟੀਮ ਨੇ ਟੂਰਨਾਮੈਂਟ ਵਿੱਚ ਸਹੀ ਸਮੇਂ ’ਤੇ ਵਾਪਸੀ ਕੀਤੀ ਹੈ। ਉਸ ਨੇ ਨਾਲ ਹੀ ਆਈਪੀਐਲ ਵਿੱਚ ਦੋ ਅਹਿਮ ਵਿਕਟਾਂ ਲੈਣ ਵਾਲੇ ਨੌਜਵਾਨ ਤੇਜ਼ ਗੇਂਦਬਾਜ਼ ਅਰਸ਼ਦੀਪ ਸਿੰਘ ਦੀ ਵੀ ਪ੍ਰਸ਼ੰਸਾ ਕੀਤੀ। ਲਗਾਤਾਰ ਦੋ ਹਾਰਾਂ ਮਗਰੋਂ ਕਿੰਗਜ਼ ਇਲੈਵਨ ਪੰਜਾਬ ਨੇ ਕੱਲ੍ਹ ਇੱਥੇ ਰਾਜਸਥਾਨ ਰੌਇਲਜ਼ ਨੂੰ 12 ਦੌੜਾਂ ਨਾਲ ਹਰਾਇਆ ਅਤੇ ਹੁਣ ਟੀਮ ਦਸ ਅੰਕ ਨਾਲ ਸੂਚੀ ਵਿੱਚ ਚੌਥੇ ਸਥਾਨ ’ਤੇ ਹੈ।
ਅਸ਼ਵਿਨ ਨੇ ਮੈਚ ਮਗਰੋਂ ਕਿਹਾ, ‘‘ਦਸ ਅੰਕਾਂ ਤੱਕ ਪਹੁੰਚਣਾ ਕਾਫ਼ੀ ਮਹੱਤਵਪੂਰਨ ਹੈ ਅਤੇ ਮੈਨੂੰ ਲਗਦਾ ਹੈ ਕਿ ਟੂਰਨਾਮੈਂਟ ਵਿੱਚ ਅਜਿਹਾ ਕਰਨ ਦਾ ਇਹ ਸਹੀ ਸਮਾਂ ਹੈ।’’ ਅਰਸ਼ਦੀਪ ਨੇ ਹਮਾਲਵਰ ਸਲਾਮੀ ਬੱਲੇਬਾਜ਼ ਜੋਸ ਬਟਲਰ ਨੂੰ ਛੇਤੀ ਹੀ ਆਊਟ ਕਰਕੇ ਪੰਜਾਬ ਦੀ ਟੀਮ ਨੂੰ ਚੰਗੀ ਸ਼ੁਰੂਆਤ ਦਿਵਾਈ ਸੀ। ਦੂਜੇ ਪਾਸੇ ਰਾਜਸਥਾਨ ਰੌਇਲਜ਼ ਦਾ ਕਪਤਾਨ ਅਜਿੰਕਿਆ ਰਹਾਣੇ ਆਪਣੀ ਟੀਮ ਦੇ ਪ੍ਰਦਰਸ਼ਨ ਤੋਂ ਨਿਰਾਸ਼ ਹੈ।