ਸ੍ਰੀਨਗਰ, 20 ਅਕਤੂਬਰ
ਜੰਮੂ-ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਫਾਰੂਕ ਅਬਦੁੱਲਾ ਤੋਂ ਈਡੀ ਨੇ ਸੋਮਵਾਰ ਨੂੰ ਜੰਮੂ ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਵਜੋਂ ਉਨ੍ਹਾਂ ਦੇ ਕਾਰਜਕਾਲ ਦੌਰਾਨ ਹੋਏ ਕਥਿਤ ਫੰਡਾਂ ਦੀ ਦੁਰਵਰਤੋਂ ਦੇ ਮਾਮਲੇ ਵਿਚ ਪੁੱਛਗਿੱਛ ਕੀਤੀ। ਜਾਣਕਾਰੀ ਅਨੁਸਾਰ ਈਡੀ ਨੇ ਸਾਬਕਾ ਮੁੱਖ ਮੰਤਰੀ ਨੂੰ ਸੰਮਨ ਜਾਰੀ ਕੀਤੇ ਸਨ ਅਤੇ ਉਨ੍ਹਾਂ ਨੂੰ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਦੇ ਚੇਅਰਮੈਨ ਹੁੰਦਿਆਂ 43 ਕਰੋੜ ਰੁਪਏ ਦੀ ਕਥਿਤ ਦੁਰਵਰਤੋਂ ਦੇ ਮਾਮਲੇ ਵਿੱਚ ਪੁੱਛਗਿੱਛ ਲਈ ਬੁਲਾਇਆ ਸੀ। ਬੀਸੀਸੀਆਈ ਨੇ ਜੰਮੂ-ਕਸ਼ਮੀਰ ਕ੍ਰਿਕਟ ਐਸੋਸੀਏਸ਼ਨ ਨੂੰ ਕਥਿਤ ਤੌਰ ‘ਤੇ ਜੰਮੂ-ਕਸ਼ਮੀਰ ਵਿਚ ਕ੍ਰਿਕਟ ਨੂੰ ਉਤਸ਼ਾਹਿਤ ਕਰਨ ਲਈ ਗ੍ਰਾਂਟ ਵਜੋਂ 2002 ਤੋਂ 2011 ਤੱਕ ਫੰਡ ਦਿੱਤੇ ਸਨ, ਜਿਸ ਵਿਚੋਂ 43.69 ਕਰੋੜ ਰੁਪਏ ਕਥਿਤ ਤੌਰ’ ਤੇ ਖੁਰਦ ਬੁਰਦ ਕਰ ਦਿੱਤੇ ਗਏ ਸਨ। ਫਾਰੂਕ ਅਬਦੁੱਲਾ ਦੇ ਬੇਟੇ ਅਤੇ ਸਾਬਕਾ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਕਿਹਾ ਕਿ ਫਾਰੂਕ ਅਬਦੁੱਲਾ ਦੀ ਰਿਹਾਇਸ਼ ‘ਤੇ ਕੋਈ ਛਾਪੇਮਾਰੀ ਨਹੀਂ ਕੀਤੀ ਜਾ ਰਹੀ ਅਤੇ ਈਡੀ ਵੱਲੋਂ ਉਸ ਦੇ ਪਿਤਾ ਨੂੰ ਬੁਲਾਉਣਾ ਰਾਜਨੀਤਕ ਕਾਰਵਾਈ ਹੈ। ਉਮਰ ਨੇ ਟਵੀਟ ਕੀਤਾ, “ਪਾਰਟੀ ਜਲਦੀ ਹੀ ਈਡੀ ਦੇ ਸੰਮਨ ਦਾ ਜਵਾਬ ਦੇਵੇਗੀ।’’