ਜੰਡਿਆਲਾ ਗੁਰੂ, 11 ਅਕਤੂਬਰ

ਦੇਵੀਦਾਸਪੁਰਾ ਰੇਲਵੇ ਟਰੈਕ ‘ਤੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਵੱਲੋਂ ਖੇਤੀ ਕਾਨੂੰਨਾਂ ਖ਼ਿਲਾਫ ਚੱਲ ਰਿਹਾ ਸੰਘਰਸ਼ 18ਵੇਂ ਦਿਨ ਵੀ ਜਾਰੀ ਰਿਹਾ। ਇਸ ਮੌਕੇ ਕਿਸਾਨ ਆਗੂ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ ਨੇ ਕਿਹਾ ਬਦੀ ਰੂਪੀ ਰਾਵਣ ਅੰਬਾਨੀ, ਅਦਾਨੀ ਤੇ ਮੋਦੀ ਦੇ ਵੱਡੇ ਆਕਾਰ ਦੇ ਪੁਤਲੇ ਆਉਂਦੀ 23 ਅਕਤੂਬਰ ਨੂੰ ਅੰਮ੍ਰਿਤਸਰ ਵਿਖੇ ਫੂਕੇ ਜਾਣਗੇ ਤੇ 25 ਅਕਤੂਬਰ ਨੂੰ ਪਿੰਡ-ਪਿੰਡ ਪੂਰੇ ਪੰਜਾਬ ਵਿਚ ਇਨ੍ਹਾਂ ਦੇ ਪੁਤਲੇ ਫੂਕੇ ਜਾਣਗੇ। ਉਨ੍ਹਾਂ ਕਿਹਾ ਇਹ ਪੰਜਾਬੀਆਂ, ਪੰਜਾਬ ਅਤੇ ਦੇਸ਼ ਦੇ ਕਿਸਾਨਾਂ-ਮਜ਼ਦੂਰਾਂ ਦੀ ਬਦੀ ਉੱਤੇ ਨੇਕੀ ਦੀ ਜਿੱਤ ਹੋਵੇਗੀ। ਇਸ ਮੌਕੇ ਕਿਸਾਨ ਆਗੂ ਹਰਪ੍ਰੀਤ ਸਿੰਘ ਸਿੱਧਵਾਂ ਨੇ ਕਿਹਾ ਪੰਜਾਬ ਦੀ ਕੈਪਟਨ ਸਰਕਾਰ ਬਲੈਕ ਆਊਟ ਦਾ ਬੇਲੋੜਾ ਰੌਲਾ ਪਾ ਰਹੀ ਹੈ, ਅਸਲ ਵਿਚ ਪਾਵਰਕੌਮ ਦੇ ਡਾਇਰੈਕਟਰ ਵੰਡ ਦਾ ਬਿਆਨ ਆਇਆ ਹੈ ਬਿਜਲੀ ਦਾ ਕੋਈ ਸੰਕਟ ਨਹੀਂ ਹੈ, ਸਰਕਾਰੀ ਥਰਮਲ ਬੰਦ ਹਨ। ਉਨ੍ਹਾਂ ਨੂੰ ਚਲਾਉਣ ‘ਤੇ ਉਹ 8-10 ਦਿਨ ਚੱਲ ਸਕਦੇ ਹਨ।ਕੈਪਟਨ ਸਰਕਾਰ ਅਕਾਲੀ ਦਲ ਵੱਲੋਂ ਪ੍ਰਾਈਵੇਟ ਥਰਮਲ ਪਲਾਂਟਾਂ ਨਾਲ ਕੀਤੇ ਸਮਝੌਤੇ ਰੱਦ ਕਰਨ ਦੀ ਗੱਲ ਕਰਦੀ ਸੀ ਜਿਹੜੇ 9 ਰੁਪਏ ਤੋਂ ਵੱਧ ਬਿਜਲੀ ਵੇਚਦੇ ਹਨ, ਜਦਕਿ ਪੂਲ ਤੋਂ ਤਿੰਨ ਰੁਪਏ ਬਿਜਲੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਮੌਕੇ ਮੰਗਜੀਤ ਸਿੰਘ, ਬਲਕਾਰ ਸਿੰਘ, ਰਾਜ ਸਿੰਘ, ਲਖਵਿੰਦਰ ਸਿੰਘ, ਭੁਪਿੰਦਰ ਸਿੰਘ, ਸ਼ਰਨਜੀਤ ਸਿੰਘ, ਕੁਲਵੰਤ ਸਿੰਘ, ਸਾਹਿਬ ਸਿੰਘ, ਗੁਰਦੇਵ ਸਿੰਘ ਆਗੂਆਂ ਨੇ ਸੰਬੋਧਨ ਕੀਤਾ।