ਮਾਨਸਾ, 21 ਅਕਤੂਬਰ
ਪੰਜਾਬ ਦੀਆਂ ਸੰਘਰਸ਼ਸ਼ੀਲ ਕਿਸਾਨ ਜਥੇਬੰਦੀਆਂ ਦੀ ਚੰਡੀਗੜ੍ਹ ਸਥਿਤ ਕਿਸਾਨ ਭਵਨ ਵਿਚ ਅੱਜ ਮੀਟਿੰਗ ਦੌਰਾਨ ਅਗਲੇ 15 ਦਿਨਾਂ ਲਈ ਪੰਜਾਬ ਵਿਚ ਮਾਲ ਗੱਡੀਆਂ ਚਲਾਉਣ ਦਾ ਫੈਸਲਾ ਕੀਤਾ ਹੈ। ਜਥੇਬੰਦੀਆਂ ਨੇ ਉਂਝ ਰੇਲਵੇ ਸਟੇਸ਼ਨਾਂ ਉਪਰ ਧਰਨੇ ਲਗਾਤਾਰ ਜਾਰੀ ਰੱਖਣ ਦਾ ਫੈਸਲਾ ਕੀਤਾ ਹੈ ਤਾਂ ਜੋ ਕੋਈ ਸਵਾਰੀ ਨਾ ਚੱਲੇ ਤੇ ਕੋਲੇ ਵਾਲੀ ਗੱਡੀ ਤੋਂ ਬਿਨਾਂ ਕੋਈ ਹੋਰ ਗੱਡੀ ਨਾ ਲੰਘ ਸਕੇ। ਪੰਜਾਬ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਰੁਲਦੂ ਸਿੰਘ ਅਤੇ ਭਾਰਤੀ ਕਿਸਾਨ ਯੂਨੀਅਨ (ਮਾਨਸਾ) ਦੇ ਸੂਬਾਈ ਪ੍ਰਧਾਨ ਬੋਘ ਸਿੰਘ ਨੇ ਦੱਸਿਆ ਕਿ ਬੇਸ਼ੱਕ ਖੇਤੀ ਕਾਨੂੰਨਾਂ ਖ਼ਿਲਾਫ਼ ਅੰਦੋਲਨ ਨੂੰ ਲਗਾਤਾਰ ਜਾਰੀ ਰੱਖਿਆ ਗਿਆ ਹੈ ਪਰ ਬਾਰਦਾਨੇ ਦੀ ਵੱਡੀ ਲੋੜ, ਤਾਪਘਰਾਂ ਵਿਚ ਕੋਲੇ ਦੀ ਪੈਦਾ ਹੋ ਰਹੀ ਘਾਟ, ਕਣਕ ਦੀ ਬਿਜਾਈ ਲਈ ਡੀਏਪੀ ਅਤੇ ਯੂਰੀਆ ਖਾਦ ਨੂੰ ਮੁੱਖ ਰੱਖਦਿਆਂ ਮਾਲ ਗੱਡੀਆਂ ਨੂੰ ਚਲਾਉਣ ਦਾ ਫੈਸਲਾ ਸਰਬਸੰਮਤੀ ਨਾਲ ਪਾਸ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਇਹ ਗੱਡੀਆਂ ਚਲਾਉਣ ਦਾ ਫੈਸਲਾ ਭਲਕੇ ਤੋਂ ਲਾਗੂ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਹੁਣ ਸੰਘਰਸ਼ੀਲ ਜਥੇਬੰਦੀਆਂ ਨੇ 5 ਨਵੰਬਰ ਨੂੰ ਅਗਲੀ ਨਜ਼ਰਸਾਨੀ ਮੀਟਿੰਗ ਚੰਡੀਗੜ੍ਹ ਵਿਖੇ ਕਿਸਾਨ ਭਵਨ ਵਿਚ ਰੱਖ ਦਿੱਤੀ ਗਈ ਹੈ,ਜਿਸ ਵਿਚ ਸਾਰੀਆਂ ਧਿਰਾਂ ਵਲੋਂ ਭਾਗ ਲਿਆ ਜਾਵੇਗਾ।