ਚੰਡੀਗੜ੍ਹ: ਅੱਜ ਖਨੌਰੀ ਸਰਹੱਦ ਉਤੇ ਕਿਸਾਨ ਆਗੂ ਜਗਜੀਤ ਡੱਲੇਵਾਲ ਦੇ ਮਰਨ ਵਰਤ ਨੂੰ 28 ਦਿਨ ਹੋ ਗਏ ਹਨ। ਉਨ੍ਹਾਂ ਦੀ ਸਿਹਤ ਨਾਜ਼ੁਕ ਬਣੀ ਹੋਈ ਹੈ। ਇਮਿਊਨਿਟੀ ਵੀ ਕਮਜ਼ੋਰ ਹੋ ਗਈ ਹੈ।ਉਨ੍ਹਾਂ ਨੂੰ ਇਨਫੈਕਸ਼ਨ ਦਾ ਖ਼ਤਰਾ ਵੀ ਵਧ ਰਿਹਾ ਹੈ। ਡਾਕਟਰਾਂ ਮੁਤਾਬਕ ਉਨ੍ਹਾਂ ਦੇ ਹੱਥ ਪੈਰ ਠੰਡੇ ਸਨ ਅਤੇ ਬਲੱਡ ਪ੍ਰੈਸ਼ਰ ਵੀ ਘਟਿਆ ਹੋਇਆ ਸੀ। ਮੋਰਚੇ ਵਲੋ ਐਲਾਨ ਕੀਤਾ ਗਿਆ ਕਿ 24 ਦਸੰਬਰ ਨੂੰ ਕਾਲਜਾਂ ਅਤੇ ਯੂਨੀਵਰਸਿਟੀਆਂ ਵਿਚ ਕੈਂਡਲ ਮਾਰਚ ਅਤੇ 26 ਦਸੰਬਰ ਨੂੰ ਜ਼ਿਲ੍ਹਾ ਹੈੱਡਕੁਆਰਟਰ ਅਤੇ ਤਹਿਸੀਲ ਪੱਧਰ ’ਤੇ ਭੁੱਖ ਹੜਤਾਲ ਸਵੇਰੇ 10 ਵਜੇ ਤੋਂ ਸ਼ਾਮ 4 ਵਜੇ ਤੱਕ ਕੀਤੀ ਜਾਵੇਗੀ।ਕਿਸਾਨ ਆਗੂ ਦਿਲਬਾਗ ਸਿੰਘ ਹਰੀਗੜ੍ਹ ਨੇ ਦੱਸਿਆ ਕਿ ਉਹ ਸਰਕਾਰਾਂ ਨੂੰ ਦੱਸਣਾ ਚਾਹੁੰਦੇ ਹਨ ਕਿ ਡੱਲੇਵਾਲ ਆਪਣੇ ਇਰਾਦੇ ‘ਤੇ ਪੱਕੇ ਹਨ। ਇਸ ਤੋਂ ਪਹਿਲਾਂ ਕਿ ਇੱਥੇ ਕੋਈ ਅਣਸੁਖਾਵੀਂ ਘਟਨਾ ਵਾਪਰੇ, ਸਥਿਤੀ ਨੂੰ ਸਮਝ ਕੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣ।
ਹਰਿਆਣਾ ਤੋ ਕਿਸਾਨ ਆਗੂ ਅਭਿਮਨਊ ਕੋਹਾੜ ਨੇ ਦੱਸਿਆ ਕਿ ਦੋ ਦਿਨ ਪਹਿਲਾਂ ਐਸ.ਸੀ. ਵਿੱਚ ਸਰਕਾਰੀ ਡਾਕਟਰਾਂ ਦੀ ਰਿਪੋਰਟ ਦੇ ਆਧਾਰ ‘ਤੇ ਸਰਕਾਰ ਨੇ ਜਗਜੀਤ ਸਿੰਘ ਡੱਲੇਵਾਲ ਦੀ ਹਾਲਤ ਠੀਕ ਦੱਸੀ ਸੀ ਪਰ ਜਦੋਂ ਡਾਕਟਰ ਸਵੈਮਾਨ ਦੀ ਟੀਮ ਨੇ ਜਗਜੀਤ ਸਿੰਘ ਡੱਲੇਵਾਲ ਦਾ ਕੋਟੀਨ ਟੈਸਟ ਕੀਤਾ ਤਾਂ ਇਸ ਦਾ ਪੱਧਰ 6.90 ਤੋਂ ਜ਼ਿਆਦਾ ਸੀ। ਆਮ ਕੀਟੋਨ 2.0 ਤੱਕ ਹੋਣਾ ਚਾਹੀਦਾ ਹੈ। ਜਿਹੜੇ ਡਾਕਟਰ ਇਸ ਸਥਿਤੀ ਨੂੰ ਆਮ ਦੱਸ ਰਹੇ ਹਨ, ਉਨ੍ਹਾਂ ਨੂੰ ਅੰਤਰਰਾਸ਼ਟਰੀ ਡਾਕਟਰਾਂ ਨਾਲ ਬਹਿਸ ਕਰਨ ਦੀ ਅਪੀਲ ਕੀਤੀ। ਡਾਕਟਰ ਸਵੈਮਾਨ ਦੇ ਟਵੀਟ ਅਕਾਊਂਟ ਨੂੰ ਬੈਨ ਕਰ ਦਿੱਤਾ ਗਿਆ ਕਿਉਂਕਿ ਉਸ ਨੇ ਸਰਕਾਰੀ ਰਿਪੋਰਟਾਂ ਦਾ ਪਰਦਾਫਾਸ਼ ਕੀਤਾ ਸੀ।
ਡੱਲੇਵਾਲ ਦੀ ਦੇਖਭਾਲ ਵਿਚ ਲੱਗੇ ਡਾਕਟਰ ਗੁਰਪ੍ਰਵੇਸ਼ ਨੇ ਦੱਸਿਆ ਕਿ ਅੱਜ ਡੱਲੇਵਾਲ ਦੇ ਹੱਥ-ਪੈਰ ਠੰਡੇ ਸਨ ਅਤੇ ਉਸ ਦਾ ਬੀਪੀ ਬਹੁਤ ਘੱਟ ਸੀ। ਅਚਾਨਕ ਬਲੱਡ ਪ੍ਰੈਸ਼ਰ ਬਹੁਤ ਘੱਟ ਹੋ ਜਾਂਦਾ ਹੈ। ਜਿਗਰ ਦਾ ਕੰਮ ਵਿਗੜ ਰਿਹਾ ਹੈ, ਸਰੀਰ ਵਿੱਚ ਦਰਦ ਹੈ, ਕੌੜਾ ਮਹਿਸੂਸ ਹੋਣਾ, ਦਿਲ ਦਾ ਦੌਰਾ ਪੈਣ ਦਾ ਖਤਰਾ ਹੈ। ਅਜਿਹੇ ਮਰੀਜ਼ਾਂ ਦਾ ਇਲਾਜ ਆਈਸੀਯੂ ਵਿੱਚ ਕੀਤਾ ਜਾਂਦਾ ਹੈ। ਉਨ੍ਹਾਂ ਨਾਲ ਕਿਸੇ ਵੀ ਸਮੇਂ ਕੁਝ ਵੀ ਹੋ ਸਕਦਾ ਹੈ।
ਇਸ ਦੇ ਨਾਲ ਹੀ ਮੋਰਚੇ ਨੇ ਕਿਸਾਨਾਂ ਅਤੇ ਮਜ਼ਦੂਰਾਂ ਨੂੰ ਇੱਕ ਮੰਚ ‘ਤੇ ਇਕੱਠੇ ਹੋਣ ਦੀ ਅਪੀਲ ਕੀਤੀ ਹੈ। ਉਨ੍ਹਾਂ ਕਿਹਾ ਕਿ ਕਿਸਾਨੀ ਮਸਲਿਆਂ ਦੇ ਹੱਲ ਲਈ ਇਕਜੁੱਟ ਹੋਣ ਦੀ ਲੋੜ ਹੈ। ਐਤਵਾਰ ਨੂੰ ਕਿਸਾਨਾਂ ਨੇ ਖਨੌਰੀ ਬਾਰਡਰ ‘ਤੇ ਸਟੇਜ ਤੋਂ ਮੁੜ ਕੇਂਦਰ ਸਰਕਾਰ ਨੂੰ ਉਨ੍ਹਾਂ ਦੀਆਂ ਮੰਗਾਂ ਜਲਦੀ ਪੂਰੀਆਂ ਕਰਨ ਦੀ ਅਪੀਲ ਕੀਤੀ। ਬਾਰਡਰਾਂ ਉਤੇ ਕਿਸਾਨਾਂ ਨੇ ਵਧਦੀ ਠੰਢ ਨੂੰ ਦੇਖਦੇ ਹੋਏ ਪੱਕੇ ਸ਼ੈੱਡ ਬਣਾਉਣੇ ਸ਼ੁਰੂ ਕਰ ਦਿੱਤੇ ਹਨ।