ਫਾਜ਼ਿਲਕਾ, 2 ਜਨਵਰੀ

ਇਸ ਜ਼ਿਲ੍ਹੇ ਦੇ ਪਿੰਡ ਮਾਹਮੂ ਜੋਈਆਂ ਦੇ ਕਿਸਾਨ ਕਸ਼ਮੀਰ ਸਿੰਘ ਪੁੱਤਰ ਗੁਰਦਾਸ ਮੱਲ, ਜੋ ਦਿੱਲੀ ਕਿਸਾਨ ਅੰਦੋਲਨ ਵਿੱਚ ਸ਼ਾਮਲ ਹੋਣ ਗਿਆ ਸੀ, ਦਾ ਦੇਹਾਂਤ ਹੋ ਗਿਆ। ਦਿਲ ਵਿੱਚ ਤਕਲੀਫ ਕਾਰਨ ਉਸ ਨੂੰ ਟਿਕਰੀ ਬਾਰਡਰ ਦੇ ਨੇੜੇ ਸਰਕਾਰੀ ਹਸਪਤਾਲ ਬਹਾਦਰਗੜ੍ਹ ਵਿਚ ਭਰਤੀ ਕਰਵਾਇਆ ਗਿਆ ਸੀ, ਜਿਥੇ ਦਵਾਈ ਦੇਣ ਤੋਂ ਬਾਅਦ ਉਸ ਨੂੰ ਛੁੱਟੀ ਦੇ ਕੇ ਵਾਪਸ ਭੇਜ ਦਿੱਤਾ ਗਿਆ ਸੀ। ਬੀਤੀ ਰਾਤ ਪਿੰਡ ਪਹੁੰਚਣ ’ਤੇ ਉਸ ਦੀ ਮੌਤ ਹੋ ਗਈ। ਦੱਸ ਦੇਈਏ ਪਿੰਡ ਮਾਹਮੂਜੋਇਆ ’ਚ ਕਿਸਾਨੀ ਅੰਦੋਲਨ ਦੌਰਾਨ ਇਹ ਦੂਜੀ ਮੌਤ ਹੈ।ਇਸ ਤੋਂ ਪਹਿਲਾਂ ਮਾਹਮੂ ਜੋਈਆਂ ਟੌਲ ਪਲਾਜ਼ਾ ’ਤੇ ਚੱਲ ਰਹੇ ਸੰਘਰਸ਼ ਵਿੱਚ ਬਲਦੇਵ ਰਾਜ ਦੀ ਮੌਤ ਹੋ ਗਈ ਸੀ ਅਤੇ ਬਲਦੇਵ ਰਾਜ ਇਸ ਮ੍ਰਿਤਕ ਕਿਸਾਨ ਕਸ਼ਮੀਰ ਸਿੰਘ ਦਾ ਭਰਾ ਸੀ। ਕਸ਼ਮੀਰ ਸਿੰਘ ਆਪਣੇ ਪਿੱਛੇ ਇਕ ਲੜਕਾ ਅਤੇ ਪਤਨੀ ਛੱਡ ਗਏ ਹਨ।

ਇਸ ਦੌਰਾਨ ਦਿੱਲੀ ਸੰਘਰਸ਼ ‘ਚ ਸ਼ਾਮਲ ਹੋਏ ਜ਼ਿਲ੍ਹਾ ਫ਼ਾਜ਼ਿਲਕਾ ਦੇ ਪਿੰਡ ਕੁਹਾੜਿਆਂ ਵਾਲੀ ਦੇ ਵਾਸੀ ਬਜ਼ੁਰਗ ਕਿਸਾਨ ਦੀ ਠੰਢ ਲੱਗਣ ਕਾਰਨ ਮੌਤ ਹੋ ਗਈ। ਪਿੰਡ ਦੇ ਸਾਬਕਾ ਸਰਪੰਚ ਸੁਭਾਸ਼ ਬਜਾਜ ਨੇ ਦੱਸਿਆ ਕਿ ਕਸ਼ਮੀਰ ਸਿੰਘ ਪੁੱਤਰ ਦੀਵਾਨ ਸਿੰਘ ਟਿਕਰੀ ਬਾਰਡਰ ਵਿਖੇ ਧਰਨੇ ‘ਤੇ 25 ਦਸੰਬਰ ਨੂੰ ਗਿਆ ਸੀ। ਉੱਥੇ ਠੰਢ ਲੱਗਣ ਕਾਰਨ ਉਹ ਬਿਮਾਰ ਹੋ ਗਿਆ ਅਤੇ 31 ਦਸੰਬਰ ਨੂੰ ਪਿੰਡ ਪਰਤ ਆਇਆ। ਇਸੇ ਦੌਰਾਨ ਬੀਤੀ ਸ਼ਾਮ ਉਸ ਦੀ ਮੌਤ ਹੋ ਗਈ।