ਬਠਿੰਡਾ, 14 ਦਸੰਬਰ
ਕਿਸਾਨ ਜਥੇਬੰਦੀਆਂ ਵੱਲੋਂ ਕੇਂਦਰੀ ਖੇਤੀ ਕਾਨੂੰਨਾਂ ਖ਼ਿਲਾਫ਼ ਡਿਪਟੀ ਕਮਿਸ਼ਨਰ ਦਫ਼ਤਰਾਂ ਅੱਗੇ ਅੱਜ ਦੇ ਧਰਨਾ ਪ੍ਰਦਰਸ਼ਨਾਂ ਦੀ ਕੜੀ ਤਹਿਤ ਵੱਖ-ਵੱਖ ਕਿਸਾਨ ਯੂਨੀਅਨਾਂ ਅਤੇ ਭਰਾਤਰੀ ਸੰਗਠਨਾਂ ਨੇ ਇਥੇ ਜ਼ਿਲ੍ਹਾ ਪ੍ਰਬੰਧਕੀ ਕੰਪਲੈਕਸ ਅੱਗੇ ਧਰਨਾ ਆਰੰਭ ਦਿੱਤੀ ਹੈ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਵੱਲੋਂ ਕਾਨੂੰਨਾਂ ਖ਼ਿਲਾਫ਼ ਸ਼ਹਿਰ ਵਿਚ ਰੋਸ ਮਾਰਚ ਕਰਕੇ ਰੋਸ ਪ੍ਰਗਟਾਇਆ ਜਾ ਰਿਹਾ ਹੈ।
ਆਗੂਆਂ ਨੇ ਕੇਂਦਰ ’ਤੇ ਹੈਂਕੜੀ ਵਤੀਰਾ ਅਪਨਾਉਣ ਦਾ ਦੋਸ਼ ਲਾਉਂਦਿਆਂ ਮੰਗ ਕੀਤੀ ਕਿ ਖੇਤੀ ਨਾਲ ਸਬੰਧਿਤ ਕਾਨੂੰਨਾਂ ਤੋਂ ਇਲਾਵਾ ਬਿਜਲੀ ਐਕਟ-2020, ਪਰਾਲੀ ਸਬੰਧੀ ਆਰਡੀਨੈਂਸ ਸਿਰੇ ਤੋਂ ਖਾਰਜ ਕੀਤੇ ਜਾਣ। ਉਨ੍ਹਾਂ ਕਥਿਤ ਝੂਠੇ ਕੇਸਾਂ ’ਚ ਜੇਲ੍ਹ ’ਚ ਬੰਦ ਬੁੱਧੀਜੀਵੀਆਂ, ਲੇਖਕਾਂ ਅਤੇ ਪੱਤਰਕਾਰਾਂ ਦੀ ਬਗ਼ੈਰ ਸ਼ਰਤ ਰਿਹਾਈ ਦੀ ਵੀ ਕੇਂਦਰ ਸਰਕਾਰ ਤੋਂ ਮੰਗ ਕੀਤੀ।