ਨਵੀਂ ਦਿੱਲੀ, 26 ਦਸੰਬਰ
ਸੰਘਰਸ਼ਸ਼ੀਲ ਕਿਸਾਨ ਸਰਕਾਰ ਨਾਲ ਗੱਲਬਾਤ ਕਰਨ ਲਈ ਰਾਜ਼ੀ ਹੋ ਗਏ ਹਨ ਤੇ ਉਨ੍ਹਾਂ ਸਰਕਾਰ ਨੂੰ 29 ਦਸੰਬਰ ਨੂੰ ਮੀਟਿੰਗ ਕਰਨ ਦੀ ਤਜਵੀਜ਼ ਭੇਜੀ ਹੈ। ਭਾਰਤੀ ਕਿਸਾਨ ਯੂਨੀਅਨ ਦੇ ਰਾਕੇਸ਼ ਟਿਕੈਤ ਨੇ ਦੱਸਿਆ ਕਿ ਸਾਰੀਆਂ ਜਥੇਬੰਦੀਆਂ ਇਸ ਗੱਲ ’ਤੇ ਸਹਿਮਤ ਹਨ ਕਿ ਸਰਕਾਰ ਤਿੰਨੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਤੇ ਐੱਮਐੱਸਪੀ ਨੂੰ ਕਾਨੂੰਨੀ ਦਰਜਾ ਦੇਣ ਬਾਰੇ ਚਰਚਾ ਕਰੇ। ਇਸ ਤੋਂ ਪਹਿਲਾਂਖੇਤੀ ਕਾਨੂੰਨਾਂ ਖ਼ਿਲਾਫ਼ ਕੌਮੀ ਰਾਜਧਾਨੀ ਦੀਆਂ ਸਰਹੱਦਾਂ ’ਤੇ ਡਟੇ ਕਿਸਾਨਾਂ ਦੀਆਂ ਜਥੇਬੰਦੀਆਂ ਦੇ ਸੰਯੁਕਤ ਕਿਸਾਨ ਮੋਰਚੇ ਦੀ ਅਹਿਮ ਮੀਟਿੰਗ ਹੋਈ। ਸਿੰਘੂ ਬਾਰਡਰ ’ਤੇ ਮੀਟਿੰਗ ਵਿੱਚ ਸਰਕਾਰ ਵੱਲੋਂ ਕੀਤੀ ਗੱਲਬਾਤ ਦੀ ਪੇਸ਼ਕਸ਼ ਉਪਰ ਚਰਚਾ ਕੀਤੀ ਗਈ। ਬੀਤੇ ਦਿਨ ਵੀ ਸਰਕਾਰੀ ਚਿੱਠੀ ਦਾ ਜੁਆਬ ਦੇਣ ਬਾਰੇ ਮੀਟਿੰਗ ਵਿੱਚ ਸਹਿਮਤੀ ਨਹੀਂ ਸੀ ਬਣੀ। ਅੱਜ ਮੁੜ ਇਸ ਬਾਰੇ ਸਰਬਸੰਮਤੀ ਬਣਾਉਣ ਲਈ ਗੱਲਬਾਤ ਹੋਈ।