ਅੰਮ੍ਰਿਤਸਰ, 17 ਅਪਰੈਲ
ਕਿਸਾਨ ਸੰਘਰਸ਼ ਕਮੇਟੀ ਦੇ ਕਾਰਕੁਨਾਂ ਨੇ ਕਿਸਾਨਾਂ ਖ਼ਿਲਾਫ਼ ਦਰਜ ਪੁਲੀਸ ਕੇਸਾਂ ਨੂੰ ਰੱਦ ਕਰਨ ਦੀ ਮੰਗ ਕਰਦਿਆਂ ਅੱਜ ਅੰਮ੍ਰਿਤਸਰ (ਦਿਹਾਤੀ) ਪੁਲੀਸ ਦੇ ਐੱਸਐੱਸਪੀ ਦਫਤਰ ਸਾਹਮਣੇ ਧਰਨਾ ਦਿੱਤਾ ਅਤੇ ਪੁਲੀਸ ਵਧੀਕੀਆਂ ਖ਼ਿਲਾਫ਼ ਨਾਅਰੇਬਾਜ਼ੀ ਕੀਤੀ।
ਇਸ ਧਰਨੇ ਨੂੰ ਸੰਬੋਧਨ ਕਰਨ ਵਾਲੇ ਕਿਸਾਨ ਆਗੂਆਂ ਸੀਨੀਅਰ ਮੀਤ ਪ੍ਰਧਾਨ ਸਰਵਣ ਸਿੰਘ ਪੰਧੇਰ, ਗੁਰਬਚਨ ਸਿੰਘ ਚੱਬਾ, ਲਖਵਿੰਦਰ ਸਿੰਘ ਵਰਿਆਮ, ਜਰਮਨਜੀਤ ਸਿੰਘ ਤੇ ਹੋਰਨਾਂ ਨੇ ਆਖਿਆ ਕਿ ਪਹਿਲਾਂ ਕਾਂਗਰਸ ਦੀ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਨਾਲ ਵਾਅਦਾਖ਼ਿਲਾਫ਼ੀ ਕੀਤੀ ਗਈ ਅਤੇ ਹੁਣ ਪੁਲੀਸ ਵੱਲੋਂ ਕਿਸਾਨਾਂ ਨਾਲ ਵਧੀਕੀਆਂ ਕੀਤੀਆਂ ਜਾ ਰਹੀਆਂ ਹਨ। ਉਨ੍ਹਾਂ ਕਿਹਾ ਕਿ ਕਾਂਗਰਸ ਸਰਕਾਰ ਨੇ ਸੱਤਾ ਵਿੱਚ ਆਉਂਦਿਆਂ ਨਸ਼ਾ ਖ਼ਤਮ ਕਰਨ ਤੇ ਨਸ਼ਾ ਮਾਫੀਆ ਖ਼ਿਲਾਫ਼ ਕਾਰਵਾਈ ਦਾ ਵਾਅਦਾ ਕੀਤਾ ਸੀ ਪਰ ਕੋਈ ਕਾਰਵਾਈ ਨਹੀਂ ਹੋਈ। ਸਿੱਟੇ ਵਜੋਂ ਨੌਜਵਾਨੀ ਨਸ਼ਿਆਂ ਦੇ ਸੌਦਾਗਰਾਂ ਦੇ ਧੱਕੇ ਚੜ੍ਹ ਰਹੀ ਹੈ। ਸਰਕਾਰ ਵੱਲੋਂ ਨਸ਼ਾ ਪੀੜਤਾਂ ਨੂੰ ਹੀ ਫੜ ਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਆਖਿਆ ਕਿ ਕਿਸਾਨਾਂ ਤੇ ਮਜ਼ਦੂਰਾਂ ਨਾਲ ਸਬੰਧਤ ਸ਼ਿਕਾਇਤਾਂ ਪਿਛਲੇ ਲੰਮੇ ਸਮੇਂ ਤੋਂ ਲੰਬਿਤ ਪਈਆਂ ਹਨ ਅਤੇ ਇਨ੍ਹਾਂ ਦਾ ਨਿਪਟਾਰਾ ਨਹੀਂ ਕੀਤਾ ਜਾ ਰਿਹਾ। ਸਗੋਂ ਵਿਧਾਇਕਾਂ ਅਤੇ ਹੋਰਨਾਂ ਦੇ ਦਬਾਅ ਹੇਠ ਕਿਸਾਨਾਂ ਤੇ ਮਜ਼ਦੂਰਾਂ ਖ਼ਿਲਾਫ਼ ਨਾਜਾਇਜ਼ ਪਰਚੇ ਦਰਜ ਕੀਤੇ ਜਾ ਰਹੇ ਹਨ। ਉਨ੍ਹਾਂ ਇਸ ਮਾਮਲੇ ਵਿੱਚ ਪਿੰਡ ਵਿਛੋਆ ਦੇ ਜਗਪ੍ਰੀਤ, ਪਿੰਡ ਭੀਲੋਵਾਲ ਦੇ ਲੋਕਾਂ ਖ਼ਿਲਾਫ਼, ਪਿੰਡ ਕਲੇਰ ਵਿੱਚ ਦੋਸ਼ੀਆਂ ਦੀ ਥਾਂ ਹੋਰਨਾਂ ਖ਼ਿਲਾਫ਼ ਦਰਜ ਕੀਤੇ ਮਾਮਲੇ ਸਮੇਤ ਕਈ ਮਾਮਲਿਆਂ ਦਾ ਜ਼ਿਕਰ ਕੀਤਾ। ਉਨ੍ਹਾਂ ਆਖਿਆ ਕਿ ਦੋਸ਼ੀਆਂ ਖਿਲਾਫ ਕਰਵਾਈ ਦੀ ਥਾਂ ਸ਼ਿਕਾਇਤਕਰਤਾ ਨੂੰ ਹੀ ਤੰਗ-ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।
ਪ੍ਰਦਰਸ਼ਨਕਾਰੀਆਂ ਨੇ ਦੋਸ਼ ਲਾਇਆ ਕਿ ਪੁਲੀਸ ਦਾ ਸਿਆਸੀਕਰਨ ਕੀਤਾ ਜਾ ਚੁੱਕਿਆ ਹੈ। ਇਸ ਮੌਕੇ ਔਰਤਾਂ ਖ਼ਿਲਾਫ਼ ਵਧ ਰਹੀ ਅਪਰਾਧ ਦਰ ’ਤੇ ਵੀ ਚਿੰਤਾ ਦਾ ਪ੍ਰਗਟਾਵਾ ਕੀਤਾ ਗਿਆ। ਮਗਰੋਂ ਐੱਸਐੱਸਪੀ ਪਰਮਪਾਲ ਸਿੰਘ ਵੱਲੋਂ ਕਾਰਵਾਈ ਕਰਨ ਦਾ ਭਰੋਸਾ ਦਿੱਤੇ ਜਾਣ ’ਤੇ ਧਰਨਾ ਖ਼ਤਮ ਕੀਤਾ ਗਿਆ। ਕਿਸਾਨ ਆਗੂਆਂ ਨੇ ਆਖਿਆ ਕਿ ਐੱਸਐੱਸਪੀ ਨੇ ਭਰੋਸਾ ਦਿੱਤਾ ਕਿ ਵੱਖ-ਵੱਖ ਥਾਣਿਆਂ ਵਿੱਚ ਦਰਜ ਕੇਸਾਂ ਸਬੰਧੀ ਦਿੱਤੀ ਗਈ ਸ਼ਿਕਾਇਤ ਸੂਚੀ ਨਾਲ ਸਬੰਧਤ ਕੇਸਾਂ ਦੀ ਜਾਂਚ ਕੀਤੀ ਜਾਵੇਗੀ ਅਤੇ ਨਿਆਂ ਦਿੱਤਾ ਜਾਵੇਗਾ। ਇਸ ਮੌਕੇ ਵੱਡੀ ਗਿਣਤੀ ਵਿੱਚ ਕਿਸਾਨ ਕਾਰਕੁਨ ਹਾਜ਼ਰ ਸਨ