ਮੁੰਬਈ:ਖ਼ੂਨ ਦੇ ਕੈਂਸਰ ਨਾਲ ਜੂਝ ਰਹੀ ਭਾਜਪਾ ਦੀ ਸੰਸਦ ਮੈਂਬਰ ਅਤੇ ਬੌਲੀਵੁੱਡ ਅਦਾਕਾਰਾ ਕਿਰਨ ਨੇ ਆਪਣੇ ਚਾਹੁਣ ਵਾਲਿਆਂ ਵੱਲੋਂ ਮਿਲੇ ਸਹਿਯੋਗ ਤੇ ਪਿਆਰ ਸਦਕਾ ਉਨ੍ਹਾਂ ਦਾ ਸ਼ੁਕਰੀਆ ਅਦਾ ਕੀਤਾ ਹੈ। ਅਪਰੈਲ ਮਹੀਨੇ ਉਸ ਦੇ ਪਤੀ ਅਦਾਕਾਰ ਅਨੁਪਮ ਖੇਰ ਨੇ ਇਕ ਬਿਆਨ ਜਾਰੀ ਕਰਦਿਆਂ ਆਖਿਆ ਸੀ ਕਿ ਕਿਰਨ ਦਾ ਮੁੰਬਈ ਵਿਚ ਇਲਾਜ ਚੱਲ ਰਿਹਾ ਹੈ ਅਤੇ ਉਹ ਸਿਹਤਯਾਬ ਹੋ ਰਹੀ ਹੈ। 68 ਸਾਲਾ ਅਦਾਕਾਰਾ ਬੁੱਧਵਾਰ ਨੂੰ ਆਪਣੇ ਪੁੱਤਰ ਅਦਾਕਾਰਾ ਸਿਕੰਦਰ ਖੇਰ ਦੇ ਇੰਸਟਾਗ੍ਰਾਮ ਖਾਤੇ ’ਤੇ ਆਪਣੇ ਪ੍ਰਸ਼ੰਸਕਾਂ ਦੇ ਰੂ-ਬ-ਰੂ ਹੋਈ। ਕੈਂਸਰ ਹੋਣ ਤੋਂ ਬਾਅਦ ਕਿਰਨ ਖੇਰ ਦੀ ਇਹ ਪਹਿਲੀ ਵੀਡੀਓ ਸੀ। ਸਿਕੰਦਰ ‘ਲਾਈਵ ਸੈਸ਼ਨ’ ਸ਼ੁਰੂਆਤ ਪਲੰਘ ’ਤੇ ਆਰਾਮ ਕਰ ਰਹੀ ਆਪਣੀ ਮਾਤਾ ਦੇ ਪੈਰਾਂ ਤੋਂ ਸ਼ੁਰੂ ਕਰਦਾ ਹੈ ਅਤੇ ਉਸ ਨੂੰ ਆਪਣੇ ਚਾਹੁਣ ਵਾਲਿਆਂ ਨਾਲ ਗੱਲ ਕਰਨ ਲਈ ਆਖਦਾ ਹੈ। ਸਿਕੰਦਰ ਨੇ ਆਖਿਆ,‘‘ਮੇਰੀ ਮਾਂ ਦੀ ਸਿਹਤ ਦੀ ਲਗਾਤਾਰ ਖ਼ਬਰ-ਸਾਰ ਲੈਂਦੇ ਰਹਿਣ ਲਈ ਤੁਹਾਡਾ ਧੰਨਵਾਦ। ਉਹ ਹੁਣ ਕਾਫੀ ਠੀਕ ਹੋ ਰਹੀ ਹੈ।’’ ਇਸੇ ਦੌਰਾਨ ਕਿਰਨ ਖੇਰ ਉਸ ਨੂੰ ਟੋਕਦੀ ਹੈ ਅਤੇ ਕਹਿੰਦੀ ਹੈ ਕਿ ਉਹ ਆਪਣੇ ਚਾਹੁਣ ਵਾਲਿਆਂ ਨੂੰ ਆਪਣੀ ਝਲਕ ਦਿਖਾਉਣਾ ਚਾਹੁੰਦੀ ਹੈ ਅਤੇ ਉਨ੍ਹਾਂ ਨਾਲ ਗੱਲਬਾਤ ਕਰਨਾ ਚਾਹੁੰਦੀ ਹੈ। ਕਮਜ਼ੋਰ ਦਿਖਾਈ ਦੇ ਰਹੀ ਕਿਰਨ ਖੇਰ ਨੇ ਹੱਸਦਿਆਂ ਆਖਿਆ,‘‘ਹੈਲੋ! ਤੁਹਾਡੀਆਂ ਦੁਆਵਾਂ ਤੇ ਪਿਆਰ ਲਈ ਸਾਰਿਆਂ ਦਾ ਸ਼ੁਕਰੀਆ। ਬਹੁਤ ਬਹੁਤ ਧੰਨਵਾਦ।’’ ਉਸ ਨੇ ਪੱਟੀ ਨਾਲ ਬੰਨ੍ਹ ਕੇ ਖੱਬੀ ਬਾਂਹ ਗਲ ਵਿੱਚ ਲਮਕਾਈ ਹੋਈ ਸੀ। ਕਿਰਨ ਖੇਰ ਨੇ ਪਿਛਲੇ ਹਫ਼ਤੇ ਕਰੋਨਾ ਵੈਕਸੀਨ ਦੀ ਦੂਜੀ ਡੋਜ਼ ਲੈ ਲਈ ਹੈ ਅਤੇ ਉਸ ਨੂੰ ‘ਦੇਵਦਾਸ, ਖਾਮੋਸ਼, ਪਾਨੀ, ਵੀਰ ਜ਼ਾਰਾ ਅਤੇ ਦੋਸਤਾਨਾ ਵਰਗੀਆਂ ਫ਼ਿਲਮਾਂ ਲਈ ਜਾਣਿਆ ਜਾਂਦਾ ਹੈ।