ਦੇਹਰਾਦੂਨ/ਨੈਨੀਤਾਲ, 15 ਨਵੰਬਰ

ਕਾਂਗਰਸੀ ਆਗੂ ਸਲਮਾਨ ਖੁਰਸ਼ੀਦ ਦੀ ਨਵੀਂ ਕਿਤਾਬ ਤੋਂ ਖੜ੍ਹੇ ਹੋਏ ਵਿਵਾਦ ਦੇ ਚੱਲਦੇ ਅੱਜ ਉਨ੍ਹਾਂ ਦੇ ਨੈਨੀਤਾਲ ਸਥਿਤ ਘਰ ਦੀ ਭੰਨਤੋੜ ਕੀਤੀ ਗਈ। ਆਪਣੀ ਕਿਤਾਬ ਵਿੱਚ ਉਨ੍ਹਾਂ ਨੇ ਹਿਦੂਤਵ ਦੀ ਤੁਲਨਾ ਆਈਐੱਸਆਈਐੱਸ ਵਰਗੀਆਂ ਦਹਿਸ਼ਤੀ ਜਥੇਬੰਦੀਆਂ ਨਾਲ ਕੀਤੀ ਹੈ। ਨੈਨੀਤਾਲ (ਸਿਟੀ) ਦੇ ਐਸਪੀ ਜਗਦੀਸ਼ ਚੰਦਰ ਨੇ ਦੱਸਿਆ ਕਿ ਸ਼ੁਰੂਆਤੀ ਰਿਪੋਰਟਾਂ ਅਨੁਸਾਰ, ਬੋਵਾਲੀ ਥਾਣਾ ਖੇਤਰ ਵਿੱਚ ਕੁਝ ਲੋਕਾਂ ਨੇ ਉਨ੍ਹਾਂ ਦੇ ਘਰ ਦੀਆਂ ਖਿੜਕੀਆਂ ਦੇ ਸ਼ੀਸ਼ੇ ਤੋੜ ਦਿੱਤੇ ਅਤੇ ਘਰ ਦੇ ਇਕ ਦਰਵਾਜ਼ੇ ਨੂੰ ਅੱਗ ਲਗਾ ਦਿੱਤੀ। ਉਨ੍ਹਾਂ ਕਿਹਾ ਕਿ ਇਸ ਘਰ ਵਿੱਚ ਸਿਰਫ ਦੇਖਭਾਲ ਲਈ ਤਾਇਨਾਤ ਕਾਮੇ ਰਹਿੰਦੇ ਹਨ ਜਿਨ੍ਹਾਂ ਨੂੰ ਕੋਈ ਨੁਕਸਾਨ ਨਹੀਂ ਪੁੱਜਿਆ।