ਓਟਵਾ, 30 ਜਨਵਰੀ : ਕਈ ਮਹੀਨਿਆਂ ਤੋਂ ਛੁੱਟੀ ਉੱਤੇ ਚੱਲ ਰਹੇ ਲਿਬਰਲ ਐਮਪੀ ਨਿਕੋਲਾ ਡੀ ਲੋਰੀਓ ਨੇ ਆਖਿਰਕਾਰ ਮੈਂਬਰ ਪਾਰਲੀਆਮੈਂਟ ਦੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ।
ਮੰਗਲਵਾਰ ਨੂੰ ਪ੍ਰਸ਼ਨ ਕਾਲ ਤੋਂ ਠੀਕ ਪਹਿਲਾਂ ਹਾਊਸ ਆਫ ਕਾਮਨਜ਼ ਦੇ ਸਪੀਕਰ ਜੈਫ ਰੀਗਨ ਨੇ ਉਨ੍ਹਾਂ ਦੀ ਸੀਟ ਖਾਲੀ ਹੋਣ ਦਾ ਐਲਾਨ ਕੀਤਾ। ਉਨ੍ਹਾਂ ਦੱਸਿਆ ਕਿ ਕਿਊਬਿਕ ਦੇ ਐਮਪੀ ਨੇ ਉਸੇ ਦਿਨ ਸਵੇਰ ਸਮੇਂ ਉਨ੍ਹਾਂ ਨੂੰ ਆਪਣੇ ਇਸ ਫੈਸਲੇ ਦੀ ਜਾਣਕਾਰੀ ਦਿੱਤੀ ਸੀ। ਇਹ ਉਸ ਸਮੇਂ ਹੋਇਆ ਜਦੋਂ ਮੰਗਲਵਾਰ ਸਵੇਰੇ ਡੀ ਲੋਰੀਓ ਹਾਊਸ ਵਿਖੇ ਪਹੁੰਚੇ ਤੇ ਉਨ੍ਹਾਂ ਅਲਵਿਦਾ ਆਖਣ ਵਾਲੇ ਲਹਿਜੇ ਵਿੱਚ ਭਾਸ਼ਣ ਦੇਣਾ ਸ਼ੁਰੂ ਕੀਤਾ। ਇਸ ਨਾਲ ਉਨ੍ਹਾਂ ਦੇ ਕਈ ਸਾਥੀ ਹੈਰਾਨ ਹੋ ਗਏ। ਪਰ ਉੱਥੇ ਉਨ੍ਹਾਂ ਆਪਣੇ ਵੱਲੋਂ ਦਿੱਤੇ ਜਾਣ ਵਾਲੇ ਅਸਤੀਫੇ ਦੀ ਕੋਈ ਗੱਲ ਨਹੀਂ ਕੀਤੀ।
ਇਸ ਤੋਂ ਉਲਟ ਉਨ੍ਹਾਂ ਦੀਆਂ ਟਿੱਪਣੀਆਂ ਆਪਣੇ ਅਕਸ ਦੇ ਪੱਖ ਵਿੱਚ ਸਨ। ਇਸ ਦੇ ਨਾਲ ਹੀ ਉਨ੍ਹਾਂ ਅਸਤੀਫੇ ਵਿੱਚ ਦੇਰ ਕੀਤੇ ਜਾਣ ਲਈ ਐਨਡੀਪੀ ਵੱਲੋਂ ਪਾਰਲੀਮਾਨੀ ਜਾਂਚ ਕਰਵਾਏ ਜਾਣ ਦੀ ਮੰਗ ਉੱਤੇ ਵੀ ਆਪਣਾ ਧਿਆਨ ਕੇਂਦਰਿਤ ਕੀਤਾ। ਡੀ ਲੋਰੀਓ ਨੇ ਇਹ ਫੈਸਲਾ ਕੀਤਾ ਹੋਇਆ ਸੀ ਕਿ ਜਦੋਂ ਹੀ ਹਾਊਸ ਦੀ ਕਾਰਵਾਈ ਸ਼ੁਰੂ ਹੋਵੇਗੀ ਉਹ ਉਦੋਂ ਹੀ ਅਸਤੀਫਾ ਦੇ ਦੇਣਗੇ। ਪਹਿਲਾਂ ਇਹ ਕਾਰਵਾਈ 22 ਜਨਵਰੀ ਨੂੰ ਸ਼ੁਰੂ ਹੋਣੀ ਸੀ ਤੇ ਪਰ ਬਾਅਦ ਵਿੱਚ ਇਹ ਕਾਰਵਾਈ 28 ਜਨਵਰੀ ਨੂੰ ਸ਼ੁਰੂ ਹੋਈ ਤੇ ਉਨ੍ਹਾਂ ਉਸੇ ਦਿਨ ਹੀ ਆਪਣਾ ਅਸਤੀਫਾ ਦੇ ਦਿੱਤਾ।
ਇੱਥੇ ਦੱਸਣਾ ਬਣਦਾ ਹੈ ਕਿ ਕਈ ਮਹੀਨਿਆਂ ਤੋਂ ਡੀ ਲੋਰੋ ਕਾਮਨਜ਼ ਤੋਂ ਛੁੱਟੀ ਉੱਤੇ ਸਨ। ਇਸ ਤੋਂ ਪਹਿਲਾਂ ਵੀ ਲਿਬਰਲ ਐਮਪੀ ਅਹੁਦਾ ਛੱਡਣ ਦਾ ਆਪਣਾ ਇਰਾਦਾ ਦੱਸ ਚੁੱਕੇ ਸਨ। ਡੀ ਲੋਰੀਓ ਕਿਊਬਿਕ ਦੇ ਸੇਂਟ ਲਿਓਨਾਰਡ ਸੇਂਟ ਮਾਈਕਲ ਹਲਕੇ ਤੋਂ ਐਮਪੀ ਸਨ।