ਮੁੰਬਈ:ਬੌਲੀਵੁੱਡ ਅਦਾਕਾਰਾ ਕਿਆਰਾ ਅਡਵਾਨੀ ਨੇ ਇਸ ਸਾਲ ਅਗਸਤ ’ਚ ਰਿਲੀਜ਼ ਹੋਈ ਫਿਲਮ ‘ਸ਼ੇਰਸ਼ਾਹ’ ਦੇ ਗਾਣੇ ‘ਰਾਤਾਂ ਲੰਬੀਆਂ’ ਸਬੰਧੀ ਤਨਜ਼ਾਨੀਆ ਦੇ ਇੱਕ ਭੈਣ-ਭਰਾ ਵੱਲੋਂ ਗਾਏ ਗਏ ਇਸੇ ਗੀਤ ਦੀ ਇੱਕ ਵੀਡੀਓ ਸਾਂਝੀ ਕੀਤੀ ਹੈ। ਕਿਆਰਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਇੱਕ ਵੀਡੀਓ ਰੀ-ਪੋਸਟ ਕੀਤੀ ਹੈ, ਜਿਸ ਨੂੰ ਫਿਲਮਫੇਅਰ ਨੇ ਇੰਸਟਾਗ੍ਰਾਮ ’ਤੇ ਸਾਂਝਾ ਕੀਤਾ ਸੀ। ਅਸਲ ਵਿੱਚ ਇਹ ਰੀਲ ਕਿਲੀ ਪੌਲ ਨੇ ਬਣਾਈ ਹੈ, ਜੋ ਤਨਜ਼ਾਨੀਆ ਦਾ ਵਸਨੀਕ ਹੈ। ਰੀਲ ਬਣਾਉਣ ਵਾਲਾ ਕਿਲੀ ਪੌਲ ਅਤੇ ਉਸ ਦੀ ਭੈਣ ‘ਰਾਤਾਂ ਲੰਬੀਆਂ’ ਗਾਣੇ ਦੇ ਬੋਲਾਂ ’ਤੇ ਹੋਂਠ ਹਿਲਾ ਰਹੇ ਹਨ। ਉਨ੍ਹਾਂ ਨੇ ਕੈਪਸ਼ਨ ਵਿੱਚ ਲਿਖਿਆ, ‘‘ਹਾਲੇ ਵੀ ਇਸ ਆਵਾਜ਼ ਤੋਂ ਮਨ ਨਹੀਂ ਭਰਿਆ।’’ ਉਨ੍ਹਾਂ ਨੇ ਰੀਲ ਨੂੰ ਜੁਬੀਨ ਨੌਟਿਆਲ ਨਾਲ ਟੈਗ ਕੀਤਾ ਹੈ। ਇਸ ਗਾਣੇ ਨੂੰ ਜੁਬੀਨ ਨੌਟਿਆਲ ਅਤੇ ਅਸੀਸ ਕੌਰ ਨੇ ਗਾਇਆ ਹੈ, ਜਿਸ ਨੂੰ ਕਿਆਰਾ ਅਤੇ ਸਿਧਾਰਥ ਮਲਹੋਤਰਾ ’ਤੇ ਫਿਲਮਾਇਆ ਗਿਆ ਹੈ। ਫਿਲਮ ‘ਸ਼ੇਰਸ਼ਾਹ’ ਪਰਮਵੀਰ ਚੱਕਰ ਐਵਾਰਡੀ ਕੈਪਟਨ ਵਿਕਰਮ ਬੱਤਰਾ ਕਹਾਣੀ ਹੈ, ਜੋ 1999 ਵਿੱਚ ਕਾਰਗਿਲ ਜੰਗ ਦੌਰਾਨ ਸ਼ਹੀਦ ਹੋ ਗਏ ਸਨ। ਕਿਆਰਾ ਹੁਣ ਅਗਲੀ ਫਿਲਮ ‘ਜੁੱਗ ਜੁੱਗ ਜੀਓ’ ਵਿੱਚ ਦਿਖਾਈ ਦੇਵੇਗੀ, ਜਿਸ ਵਿੱਚ ਅਨਿਲ ਕਪੂਰ, ਨੀਤੂ ਕਪੂਰ ਅਤੇ ਵਰੁਣ ਧਵਨ ਵੀ ਮੁੱਖ ਭੂਮਿਕਾ ਨਿਭਾ ਰਹੇ ਹਨ।