ਭਵਾਨੀਗੜ/ਸੰਗਰੂਰ, 5 ਅਕਤੂਬਰ:
ਪੰਜਾਬ ਦੇ ਸਕੂਲ ਸਿੱਖਿਆ ਅਤੇ ਲੋਕ ਨਿਰਮਾਣ ਮੰਤਰੀ ਅਤੇ ਸੰਗਰੂਰ ਹਲਕੇ ਤੋਂ ਵਿਧਾਇਕ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਾਂਗਰਸ ਪਾਰਟੀ ਦੇ ਸੀਨੀਅਰ ਲੀਡਰ ਅਤੇ ਐਮ.ਪੀ. ਸ਼੍ਰੀ ਰਾਹੁਲ ਗਾਂਧੀ, ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਹੋਰਨਾਂ ਪਾਰਟੀ ਲੀਡਰਾਂ ਦੀ ਅਗਵਾਈ ’ਚ ਅੱਜ ਸੰਗਰੂਰ ਤੋਂ ਕੱਢੀ ਗਈ ‘ਖੇਤੀ ਬਚਾਓ ਯਾਤਰਾ’ ’ਚ ਸੰਗਰੂਰ ਹਲਕੇ ਦੇ ਲੋਕਾਂ ਦਾ ਵੱਡੀ ਗਿਣਤੀ ’ਚ ਟਰੈਕਟਰਾਂ ਤੇ ਹੋਰਨਾਂ ਸਾਧਨਾਂ ’ਤੇ ਸ਼ਾਮਲ ਹੋਣ ਲਈ ਧੰਨਵਾਦ ਕੀਤਾ। ਇਸ ਮੌਕੇ ਬੋਲਦਿਆਂ ਸ਼੍ਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਸ਼੍ਰੀ ਰਾਹੁਲ ਗਾਂਧੀ ਜੀ ਖਾਸ ਤੌਰ ’ਤੇ ਦਿੱਲੀ ਤੋਂ ਚੱਲ ਕੇ ਦੇਸ਼ ਦਾ ਅੰਨ ਭੰਡਾਰ ਮੰਨੇ ਜਾਂਦੇ ਸੰਗਰੂਰ ਜ਼ਿਲੇ ’ਚ ਕਾਲੇ ਖੇਤੀ ਕਾਨੂੰਨਾਂ ਵਿਰੁੱਧ ਲੋਕਾਂ ਨੂੰ ਲਾਮਬੱਧ ਕਰਨ ਆਏ ਹਨ ਜਿਨਾਂ ਦਾ ਉਹ ਤਹਿ ਦਿਲੋਂ ਧੰਨਵਾਦ ਕਰਦੇ ਹਨ।
ਸ਼੍ਰੀ ਸਿੰਗਲਾ ਨੇ ਕਿਹਾ ਕਿ ਮੋਦੀ ਸਰਕਾਰ ਨੇ ਕਾਲੇ ਖੇਤੀ ਕਾਨੂੰਨਾਂ ਨਾਲ ਕਿਸਾਨ, ਮਜਦੂਰ ਅਤੇ ਆੜਤੀਆਂ ਦਾ ਲੱਕ ਭੰਨ ਕੇ ਮੋਦੀ ਸਰਕਾਰ ਨੇ ਦੇਸ਼ ਦੀ ਆਰਥਿਕਤਾ ਨੂੰ ਲਾਈ ਢਾਹ ਲਾਈ ਹੈ ਜਿਸ ਕਾਰਨ ਲੱਖਾਂ ਦੀ ਗਿਣਤੀ ਵਿਚ ਲੋਕ ਬੇਰੁਜ਼ਗਾਰ ਹੋ ਜਾਣਗੇ। ਉਨਾਂ ਕਿਹਾ ਕਿ ਸ਼ਹੀਦ ਊਧਮ ਸਿੰਘ ਵਰਗੇ ਸੂਰਮਿਆਂ ਨੂੰ ਪੈਦਾ ਕਰਨ ਵਾਲੀ ਸੰਗਰੂਰ ਜ਼ਿਲੇ ਦੀ ਇਸ ਧਰਤੀ ਨੇ ਅੰਗਰੇਜ਼ਾਂ ਦੇ ਰਾਜ ਵੇਲੇ ਤੋਂ ਲੈ ਕੇ ਹੁਣ ਤੱਕ ਹਮੇਸ਼ਾ ਜ਼ਬਰ ਤੇ ਜ਼ੁਲਮ ਦਾ ਵਿਰੋਧ ਕੀਤਾ ਹੈ ਅਤੇ ਆਪਣੇ ਹੱਕਾਂ ਦੀ ਰਾਖੀ ਕੀਤੀ ਹੈ। ਉਨਾਂ ਕਿਹਾ ਕਿ ਹੁਣ ਵੀ ਸੰਗਰੂਰ ਜ਼ਿਲੇ ਤੋਂ ਇਨਾਂ ਕਾਲੇ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਲਗਾਤਾਰ ਰੋਸ ਮੁਜ਼ਾਹਰੇ ਕੀਤੇ ਜਾ ਰਹੇ ਹਨ ਤੇ ਅੱਜ ਦਾ ਇਕੱਠ ਵੀ ਇਹ ਸਾਬਿਤ ਕਰਦਾ ਹੈ ਕਿ ਅਸੀਂ ਇਨਾਂ ਕਾਲੇ ਕਾਨੂੰਨਾਂ ਨੂੰ ਹਰ ਹੀਲੇ ਵਾਪਸ ਕਰਵਾ ਕੇ ਰਹਾਂਗੇ। ਉਨਾਂ ਕਿਹਾ ਕਿ ਨਰੇਂਦਰ ਮੋਦੀ ਤਾਂ ਇੱਕ ਪਾਸੇ ਬਲਕਿ ਉਸ ਦੇ ਸਾਰੇ ਮੰਤਰੀਆਂ ਨੂੰ ਅਸੀਂ ਇਕੱਠੇ ਹੋ ਕੇ ਚੈਨ ਦੀ ਨੀਂਦ ਨਹੀਂ ਸੌਣ ਦਿਆਂਗੇ।
ਕੈਬਨਿਟ ਮੰਤਰੀ ਵਿਜੈ ਇੰਦਰ ਸਿੰਗਲਾ ਨੇ ਕਿਹਾ ਕਿ ਇਨਾਂ ਕਾਲੇ ਕਾਨੂੰਨਾਂ ਕਰਕੇ ਕਿਸਾਨ ਨੂੰ ਹੀ ਨਹੀਂ ਸਗੋਂ ਮਜਦੂਰਾਂ, ਆੜਤੀਆਂ, ਛੋਟੇ ਦੁਕਾਨਦਾਰਾਂ ਅਤੇ ਹੋਰਨਾਂ ਕਾਰੋਬਾਰੀਆਂ ਨੂੰ ਖ਼ਤਮ ਕਰਨ ਦੀ ਮੋਦੀ ਸਰਕਾਰ ਦੀ ਇਹ ਚਾਲ ਹੈ ਤਾਂ ਜੋ ਉਹ ਆਪਣੇ ਨਜ਼ਦੀਕੀ ਕਾਰਪੋਰੇਟ ਘਰਾਣਿਆਂ ਨੂੰ ਫ਼ਾਇਦਾ ਪਹੁੰਚਾ ਸਕਣ। ਉਨਾਂ ਕਿਹਾ ਕਿ ਅਜਿਹੇ ਰੋਸ ਪ੍ਰਦਰਸ਼ਨਾਂ ਨਾਲ ਹੀ ਕਿਸਾਨਾਂ ਨੂੰ ਤਬਾਹ ਕਰਨ ’ਤੇ ਤੁਲੀ ਮੋਦੀ ਸਰਕਾਰ ਦੀ ਨੀਂਦ ਖੁੱਲੇਗੀ ਅਤੇ ਕਾਂਗਰਸ ਪਾਰਟੀ ਹਮੇਸ਼ਾ ਕਿਸਾਨਾਂ, ਮਜ਼ਦੂਰਾਂ ਤੇ ਆੜਤੀਆਂ ਦੇ ਹੱਕ ਵਿੱਚ ਡੱਟ ਕੇ ਪਹਿਰਾ ਦੇਵੇਗੀ।