ਜੋਧਪੁਰ (ਰਾਜਸਥਾਨ), 1 ਦਸੰਬਰ
ਸਥਾਨਕ ਕੋਰਟ ਨੇ ਅਦਾਕਾਰ ਸਲਮਾਨ ਖ਼ਾਨ ਨੂੰ ਕਾਲਾ ਹਿਰਨ ਸ਼ਿਕਾਰ ਕੇਸ ਵਿੱੱਚ ਨਿੱਜੀ ਪੇਸ਼ੀ ਤੋਂ ਛੋਟ ਦੇ ਦਿੱਤੀ ਹੈ। ਸਲਮਾਨ ਨੂੰ ਅਕਤੂਬਰ 1998 ਵਿੱਚ ਦਰਜ ਇਸ ਕੇਸ ਵਿੱਚ ਪੰਜ ਸਾਲ ਦੀ ਸਜ਼ਾ ਹੋਈ ਸੀ ਤੇ ਅਦਾਕਾਰ ਨੇ ਇਸ ਫੈਸਲੇ ਖ਼ਿਲਾਫ਼ ਅਪੀਲ ਦਾਇਰ ਕੀਤੀ ਹੋਈ ਹੈ। ਖ਼ਾਨ ਦੇ ਵਕੀਲ ਨੇ ਮਹਾਰਾਸ਼ਟਰ ਵਿੱਚ ਕੋਵਿਡ-19 ਦੇ ਵਧਦੇ ਕੇਸਾਂ ਦੇ ਹਵਾਲੇ ਨਾਲ ਆਪਣੇ ਮੁਵੱਕਿਲ ਲਈ ਨਿੱਜੀ ਪੇਸ਼ੀ ਤੋਂ ਛੋਟ ਮੰਗੀ ਸੀ। ਵਕੀਲ ਨੇ ਕਿਹਾ ਸੀ ਕਿ ਕੇਸ ਦੀ ਸੁਣਵਾਈ ਲਈ ਜੋਧਪੁਰ ਆਉਣਾ ਅਦਾਕਾਰ ਲਈ ਜੋਖ਼ਮ ਭਰਿਆ ਹੋ ਸਕਦਾ ਹੈ। ਵਧੀਕ ਜ਼ਿਲ੍ਹਾ ਤੇ ਸੈਸ਼ਨ ਜੱਜ ਬ੍ਰਜੇਸ਼ ਪੰਵਾਰ ਨੇ ਸਲਮਾਨ ਨੂੰ ਨਿੱਜੀ ਪੇਸ਼ੀ ਤੋਂ ਰਾਹਤ ਦਿੰਦਿਆਂ ਕੇਸ ਦੀ ਅਗਲੀ ਸੁਣਵਾਈ 16 ਜਨਵਰੀ ਲਈ ਨਿਰਧਾਰਿਤ ਕਰ ਦਿੱਤੀ ਹੈ।