ਨਵੀਂ ਦਿੱਲੀ, 2 ਜਨਵਰੀ
ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਕੰਝਾਵਾਲਾ ਹਾਦਸੇ ਦਾ ਨੋਟਿਸ ਲੈਂਦਿਆਂ ਦਿੱਲੀ ਪੁਲੀਸ ਤੋਂ ਇਸ ਮਾਮਲੇ ਬਾਰੇ ਰਿਪੋਰਟ ਮੰਗ ਲਈ ਹੈ। ਉਨ੍ਹਾਂ ਪੁਲੀਸ ਤੋਂ ਇਸ ਮਾਮਲੇ ਵਿਚ ਕੀਤੀ ਕਾਰਵਾਈ ਬਾਰੇ ਵਿਸਥਾਰਤ ਰਿਪੋਰਟ ਪੇਸ਼ ਕਰਨ ਦੀ ਹਦਾਇਤ ਵੀ ਕੀਤੀ ਹੈ। ਜ਼ਿਕਰਯੋਗ ਹੈ ਕਿ ਕੰਝਾਵਾਲਾ ਵਿੱਚ 31 ਦਸੰਬਰ ਦੀ ਰਾਤ ਨੂੰ ਕਾਰ ਸਵਾਰਾਂ ਨੇ 20 ਸਾਲਾ ਲੜਕੀ ਦੀ ਸਕੂਟੀ ਨੂੰ ਟੱਕਰ ਮਾਰ ਦਿੱਤੀ ਸੀ ਅਤੇ ਇਸ ਮਗਰੋਂ ਗੱਡੀ ਹੇਠ ਆਈ ਲੜਕੀ ਨੂੰ ਕਾਰ ਸਵਾਰ ਸੁਲਤਾਨਪੁਰੀ ਤੋਂ ਕੰਝਾਵਾਲਾ ਤੱਕ ਕਰੀਬ ਚਾਰ ਕਿਲੋਮੀਟਰ ਤੱਕ ਘਸੀਟ ਕੇ ਲੈ ਗਏ। ਐਤਵਾਰ ਨੂੰ ਇਸ ਹਾਦਸੇ ‘ਚ ਬੱਚੀ ਦੀ ਮੌਤ ਹੋ ਗਈ। ਪੁਲੀਸ ਨੇ ਇਸ ਮਾਮਲੇ ’ਚ 5 ਵਿਅਕਤੀਆਂ ਨੂੰ ਗ੍ਰਿਫ਼ਤਾਰ ਕੀਤਾ ਹੈ।