ਵਿਨੀਪੈਗ, 1 ਸਤੰਬਰ -ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀਰਵਾਰ ਨੂੰ ਕੁੱਝ ਸਿਆਸਤਦਾਨਾਂ ਉੱਤੇ ਦੋਸ਼ ਲਾਇਆ ਕਿ ਫੈਡਰਲ ਸਰਕਾਰ ਦੇ ਕਾਰਬਨ ਟੈਕਸ ਦੇ ਪ੍ਰਭਾਵਾਂ ਬਾਰੇ ਜਨਤਾ ਨੂੰ ਸੱਚ ਦੱਸਣ ਤੋਂ ਉਹ ਕਤਰਾ ਰਹੇ ਹਨ।
ਇਹ ਟਿੱਪਣੀ ਅੰਸ਼ਕ ਤੌਰ ਉੱਤੇ ਮੈਨੀਟੋਬਾ ਦੀ ਪ੍ਰੀਮੀਅਰ ਹੈਦਰ ਸਟੀਫਨਸਨ ਉੱਤੇ ਨਿਸ਼ਾਨਾ ਸਾਧਦਿਆਂ ਹੋਇਆਂ ਕੀਤੀ ਗਈ ਸੀ। ਜਿ਼ਕਰਯੋਗ ਹੈ ਕਿ ਪ੍ਰੋਵਿੰਸ ਤੇ ਓਟਵਾ ਦਰਮਿਆਨ ਕਾਰਬਨ ਟੈਕਸ ਨੂੰ ਲੈ ਕੇ ਵਿਵਾਦ ਚੱਲ ਰਿਹਾ ਹੈ।ਸਟੀਫਨਸਨ ਨਾਲ ਅੱਧੇ ਘੰਟੇ ਦੀ ਮੁਲਾਕਾਤ ਤੋਂ ਠੀਕ ਪਹਿਲਾਂ ਟਰੂਡੋ ਨੇ ਆਖਿਆ ਕਿ ਮੈਨੀਟੋਬਾ ਵਰਗੀਆਂ ਥਾਂਵਾਂ ਉੱਤੇ, ਜਿੱਥੇ ਪ੍ਰਦੂਸ਼ਣ ਉੱਤੇ ਫੈਡਰਲ ਸਰਕਾਰ ਵੱਲੋਂ ਟੈਕਸ ਲਾਇਆ ਜਾ ਰਿਹਾ ਹੈ, ਪ੍ਰੀਮੀਅਰ ਤੇ ਹੋਰ ਅਧਿਕਾਰੀ ਇਹ ਸਵੀਕਾਰਨ ਵਿੱਚ ਆਨਾਕਾਨੀ ਕਰ ਰਹੇ ਹਨ ਕਿ ਔਸਤ ਪਰਿਵਾਰਾਂ ਨੂੰ ਨੁਕਸਾਨ ਦੀ ਥਾਂ ਇਸ ਟੈਕਸ ਨਾਲ ਫਾਇਦਾ ਹੋ ਰਿਹਾ ਹੈ। ਇਸ ਟੈਕਸ ਕਾਰਨ ਉਨ੍ਹਾਂ ਦੀ ਜੇਬ੍ਹ ਵਿੱਚੋਂ ਪੈਸੇ ਜਾਣ ਦੀ ਥਾਂ ਉਨ੍ਹਾਂ ਨੂੰ ਬਚਤ ਹੋ ਰਹੀ ਹੈ।
ਉਨ੍ਹਾਂ ਆਖਿਆ ਕਿ ਕਲਾਈਮੇਟ ਚੇਂਜ ਨਾਲ ਲੜਨ ਦਾ ਸਾਨੂੰ ਰਾਹ ਲੱਭ ਗਿਆ ਹੈ ਤੇ ਇਸ ਨਾਲ ਆਮ ਪਰਿਵਾਰਾਂ ਦੀ ਮਦਦ ਵੀ ਹੋ ਰਹੀ ਹੈ ਤੇ ਇਸ ਨੂੰ ਅਸੀਂ ਭਵਿੱਖ ਵਿੱਚ ਵੀ ਜਾਰੀ ਰੱਖਾਂਗੇ। ਇੱਥੇ ਦੱਸਣਾ ਬਣਦਾ ਹੈ ਕਿ ਸਟੀਫਨਸਨ ਵੱਲੋਂ ਇਹ ਮੰਗ ਕੀਤੀ ਗਈ ਸੀ ਕਿ ਆਰਜ਼ੀ ਤੌਰ ਉੱਤੇ ਕਾਰਬਨ ਟੈਕਸ ਨੂੰ ਸਸਪੈਂਡ ਕਰ ਦਿੱਤਾ ਜਾਵੇ ਤਾਂ ਕਿ ਲੋਕ ਮਹਿੰਗਾਈ ਨਾਲ ਲੜ ਸਕਣ।ਟਰੂਡੋ ਵੱਲੋਂ ਇਹ ਟਿੱਪਣੀ ਇਸ ਸਬੰਧੀ ਪ੍ਰਤੀਕਿਰਿਆ ਵਜੋਂ ਹੀ ਕੀਤੀ ਗਈ।
ਮੀਟਿੰਗ ਤੋਂ ਬਾਅਦ ਸਟੀਫਨਸਨ ਨੇ ਆਖਿਆ ਕਿ ਟਰੂਡੋ ਤੇ ਉਨ੍ਹਾਂ ਵੱਲੋਂ ਇਸ ਮੁੱਦੇ ਉੱਤੇ ਗੱਲਬਾਤ ਕੀਤੀ ਗਈ ਪਰ ਦੋਵਾਂ ਧਿਰਾਂ ਦਰਮਿਆਨ ਸਹਿਮਤੀ ਨਹੀਂ ਬਣ ਪਾਈ। ਸਟੀਫਨਸਨ ਨੇ ਆਖਿਆ ਕਿ ਟੈਕਸ ਇੱਕਠਾ ਕਰਨ ਮਗਰੋਂ ਛੋਟ ਦੇਣ ਤੋਂ ਚੰਗਾ ਹੈ ਕਿ ਇਸ ਨੂੰ ਸਸਪੈਂਡ ਕਰ ਦਿੱਤਾ ਜਾਵੇ।