ਚੰਡੀਗੜ੍ਹ, 16 ਅਗਸਤ

ਅਫ਼ਗ਼ਾਨਿਸਤਾਨ ਦੀ ਰਾਜਧਾਨੀ ਕਾਬੁਲ ’ਤੇ ਤਾਲਿਬਾਨੀ ਲੜਾਕਿਆਂ ਦੇ ਕਬਜ਼ੇ ਤੋਂ ਫੌਰੀ ਮਗਰੋਂ ਕਾਬੁਲ ਹਵਾਈ ਅੱਡੇ ’ਤੇ ਅਫ਼ਰਾ ਤਫ਼ਤੀ ਦਾ ਮਾਹੌਲ ਹੈ। ਕਾਬੁਲ ਹਵਾਈ ਅੱਡੇ ’ਤੇ ਵੱਡੀ ਗਿਣਤੀ ਲੋਕ ਜਮ੍ਹਾਂ ਸਨ, ਜੋ ਇਥੋਂ ਬਾਹਰ ਨਿਕਲਣ ਲਈ ਕਾਹਲੇ ਸਨ। ਖ਼ਬਰ ਏਜੰਸੀ ਰਾਇਟਰਜ਼ ਨੇ ਚਸ਼ਮਦੀਦਾਂ ਦੇ ਹਵਾਲੇ ਨਾਲ ਦਾਅਵਾ ਕੀਤਾ ਹੈ ਕਿ ਹਵਾਈ ਅੱਡੇ ’ਤੇ ਇਕੱਠੇ ਸੈਂਕੜੇ ਲੋਕਾਂ ਨੇ ਜਬਰੀ ਹਵਾਈ ਜਹਾਜ਼ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ, ਜਿਸ ਦੌਰਾਨ ਘੱਟੋ ਘੱਟ 7 ਵਿਅਕਤੀਆਂ ਦੀ ਮੌਤ ਹੋ ਗਈ। ਇਕ ਚਸ਼ਮਦੀਦ ਨੇ ਕਿਹਾ ਕਿ ਉਸ ਨੇ ਇਕ ਵਾਹਨ ਵਿੱਚ ਪੰਜ ਲਾਸ਼ਾਂ ਵੇਖੀਆਂ ਹਨ। ਇਕ ਹੋਰ ਨੇ ਕਿਹਾ ਕਿ ਇਹ ਨਹੀਂ ਪਤਾ ਕਿ ਇਨ੍ਹਾਂ ਦੀ ਮੌਤ ਗੋਲੀ ਲੱਗਣ ਕਰਕੇ ਹੋਈ ਹੈ ਜਾਂ ਫਿਰ ਹਵਾਈ ਅੱਡੇ ’ਤੇ ਮਚੀ ਭਾਜੜ ਵਿੱਚ। ਇਸ ਦੌਰਾਨ ਸੂਤਰਾਂ ਨੇ ਦਾਅਵਾ ਕੀਤਾ ਹੈ ਕਿ ਤਾਲਿਬਾਨ ਵੱਲੋਂ ਅਫ਼ਗ਼ਾਨਿਸਤਾਨ ਨੂੰ ਇਸਲਾਮਿਕ ਅਮੀਰਾਤ ਆਫ਼ ਅਫ਼ਗ਼ਾਨਿਸਤਾਨ ਐਲਾਨਿਆ ਜਾ ਸਕਦਾ ਹੈ।