ਕਾਬੁਲ,20 ਸਤੰਬਰ
ਤਾਲਿਬਾਨ ਨੇ ਕਾਬੁਲ ਮਿਉਂਸਿਪੈਲਿਟੀ ਵਿੱਚ ਕੰਮ ਕਰਦੀਆਂ ਮਹਿਲਾ ਵਰਕਰਾਂ ਨੂੰ ਘਰਾਂ ਵਿੱਚ ਰਹਿਣ ਦੀ ਹਦਾਇਤ ਕੀਤੀ ਹੈ। ਨਵੇਂ ਹੁਕਮਰਾਨਾਂ ਨੇ ਕਿਹਾ ਕਿ ਮਹਿਲਾ ਵਰਕਰਾਂ ਨੂੰ ਉਹੀ ਕੰਮ ਕਰਨ ਦੀ ਇਜਾਜ਼ਤ ਹੋਵੇਗੀ, ਜਿਨ੍ਹਾਂ ਦਾ ਬਦਲ ਪੁਰਸ਼ ਨਹੀਂ ਹੋ ਸਕਦੇ। ਕਾਬੁਲ ਦੇ ਅੰਤਰਿਮ ਮੇਅਰ ਹਮੀਦਉੱਲ੍ਹਾ ਨਾਮੋਨੀ ਨੇ ਇਸ ਫੈਸਲੇ ਦੀ ਪੁਸ਼ਟੀ ਕੀਤੀ ਹੈ। ਨਾਮੋਨੀ ਨੇ ਕਿਹਾ ਕਿ ਅਗਲੇ ਫੈਸਲੇ ਤੱਕ ਮਹਿਲਾ ਮੁਲਾਜ਼ਮਾਂ ਨੂੰ ਘਰਾਂ ਵਿੱਚ ਰਹਿਣ ਲਈ ਆਖ ਦਿੱਤਾ ਗਿਆ ਹੈ।
ਉਨ੍ਹਾਂ ਕਿਹਾ, ‘‘ਕੁਝ ਕੰਮ ਅਜਿਹੇ ਹਨ ਜੋ ਪੁਰਸ਼ ਮੁਲਾਜ਼ਮ ਨਹੀਂ ਕਰ ਸਕਦੇ। ਇਨ੍ਹਾਂ ਕੰਮਾਂ ਨੂੰ ਪੂਰਾ ਕਰਨ ਲਈ ਅਸੀਂ ਮਹਿਲਾ ਸਟਾਫ਼ ਨੂੰ ਆਖ ਦਿੱਤਾ ਹੈ ਕਿਉਂਕਿ ਇਸ ਦਾ ਕੋਈ ਬਦਲ ਮੌਜੂਦ ਨਹੀਂ ਹੈ।’’ ਨਾਮੋਨੀ ਨੇ ਕਿਹਾ ਕਿ ਨਵੀਂ ਸਰਕਾਰ ਨੇ ਕਾਬੁਲ ਸ਼ਹਿਰ ਵਿੱਚ ਥਾਂ ਥਾਂ ’ਤੇ ਲੱਗੇ ਸੁਰੱਖਿਆ ਬੈਰੀਅਰਾਂ ਨੂੰ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਹੈ। ਮਹਿਲਾ ਕਾਮਿਆਂ ਨੂੰ ਉਨ੍ਹਾਂ ਦੇ ਕੰਮਕਾਜ ’ਤੇ ਵਾਪਸ ਆਉਣ ਤੋਂ ਰੋਕਣ ਦੇ ਫੈਸਲੇ ਤੋਂ ਸਾਫ਼ ਹੈ ਕਿ ਤਾਲਿਬਾਨ ਔਰਤਾਂ ਨੂੰ ਬਰਾਬਰ ਦੀ ਨੁਮਾਇੰਦਗੀ ਦੇਣ ਦੇ ਆਪਣੇ ਵਾਅਦੇ ਤੋਂ ਭੱਜਣ ਲੱਗਾ ਹੈ। ਤਾਲਿਬਾਨ ਨੇ 1990ਵਿਆਂ ਦੇ ਅਖੀਰ ਵਿੱਚ ਆਪਣੇ ਪਿਛਲੇ ਕਾਰਜਕਾਲ ਦੌਰਾਨ ਕੁੜੀਆਂ ਤੇ ਮਹਿਲਾਵਾਂ ਨੂੰ ਨਾ ਸਿਰਫ਼ ਸਕੂਲਾਂ ਤੇ ਨੌਕਰੀਆਂ ਤੋਂ ਡੱਕਿਆ ਬਲਕਿ ਜਨਤਕ ਜੀਵਨ ਵਿੱਚ ਵਿਚਰਨ ਤੋਂ ਵੀ ਵਰਜਿਆ। ਹਾਲੀਆ ਦਿਨਾਂ ਵਿੱਚ ਨਵੀਂ ਤਾਲਿਬਾਨ ਸਰਕਾਰ ਨੇ ਕੁੜੀਆਂ ਤੇ ਔਰਤਾਂ ਨੂੰ ਮਿਲੇ ਹੱਕਾਂ ਸਬੰਧੀ ਫੈਸਲਿਆਂ ਨੂੰ ਵਾਪਸ ਲੈ ਲਿਆ ਹੈ। ਅਜਿਹੇ ਹੀ ਇਕ ਫੈਸਲੇ ਵਿੱਚ ਮਿਡਲ ਤੇ ਹਾਈ ਸਕੂਲ ਵਿੱਚ ਪੜ੍ਹਦੀਆਂ ਵਿਦਿਆਰਥਣਾਂ ਨੂੰ ਸਕੂਲਾਂ ਵਿੱਚ ਪਰਤਣ ਤੋਂ ਰੋਕ ਦਿੱਤਾ ਗਿਆ ਸੀ। ਇਹੀ ਨਹੀਂ ਯੂਨੀਵਰਸਿਟੀ ਵਿੱਚ ਪੜ੍ਹਦੀਆਂ ਮਹਿਲਾਵਾਂ ਨੂੰ ਪੁਰਸ਼ਾਂ ਨਾਲ ਬੈਠਣ ਤੋਂ ਰੋਕਦਿਆਂ ਰਵਾਇਤੀ ਇਸਲਾਮਿਕ ਪੁਸ਼ਾਕ ਲਾਜ਼ਮੀ ਕੀਤੀ ਗਈ ਸੀ। ਇਸ ਤੋਂ ਪਹਿਲਾਂ ਸ਼ੁੱਕਰਵਾਰ ਨੂੰ ਤਾਲਿਬਾਨ ਨੇ ਮਹਿਲਾਵਾਂ ਨਾਲ ਜੁੜੇ ਮਸਲਿਆਂ ਬਾਰੇ ਮੰਤਰਾਲੇ ਦਾ ਵੀ ਭੋਗ ਪਾ ਦਿੱਤਾ ਸੀ।