ਚੰਡੀਗੜ੍ਹ/27 ਅਗਸਤ: ਸ਼੍ਰੋਮਣੀ ਅਕਾਲੀ ਦਲ ਨੇ ਅੱਜ ਕਾਂਗਰਸ ਸਰਕਾਰ ਨੂੰ ਘੇਰਦਿਆਂ ਪੁੱਛਿਆ ਹੈ ਕਿ ਉਹ ਜੁਆਬ ਦੇਵੇ ਕਿ ਉਸ ਨੇ ਹੜ੍ਹਾਂ ਕਰਕੇ ਫਸਲਾਂ, ਘਰਾਂ ਅਤੇ ਦੁਧਾਰੂ ਪਸ਼ੂਆਂ ਦੇ ਹੋਏ ਨੁਕਸਾਨ ਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ ਹੈ, ਜਦਕਿ ਉਹ ਸ਼ਰੇਆਮ ਕਹਿ ਰਹੀ ਹੈ ਕਿ ਹੜ੍ਹਾਂ ਵਾਸਤੇ ਰਾਹਤ ਦੇਣ ਲਈ ਫੰਡਾਂ ਦੀ ਕਮੀ ਨਹੀਂ ਹੈ।
ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਦਿੱਤੇ ਬਿਆਨ ਕਿ ਪੰਜਾਬ ਸਰਕਾਰ ਕੋਲ ਹੜ੍ਹਾਂ ਵਾਸਤੇ ਰਾਹਤ ਦੇਣ ਲਈ ਵਾਧੂ ਫੰਡ ਹਨ, ਦਾ ਹਵਾਲਾ ਦਿੰਦਿਆਂ ਸਾਬਕਾ ਮੰਤਰੀ ਸਰਦਾਰ ਬਿਕਰਮ ਸਿੰਘ ਮਜੀਠੀਆ ਨੇ ਕਿਹਾ ਕਿ ਕਿੰਨੇ ਦੁੱਖ ਦੀ ਗੱਲ ਹੈ ਕਿ ਅਜੇ ਤਕ ਵੀ ਹੜ੍ਹਾਂ ਦੀ ਮਾਰ ਥੱਲੇ ਆਏ ਲੋਕਾਂ ਵਾਸਤੇ ਮੁਆਵਜ਼ਾ ਜਾਰੀ ਨਹੀਂ ਕੀਤਾ ਗਿਆ ਹੈ।
ਕਾਂਗਰਸ ਸਰਕਾਰ ਨੂੰ ਇਹ ਆਖਦਿਆਂ ਕਿ ਇਸ ਨੇ ਅਜੇ ਤਕ ਗਿਰਦਾਵਰੀ ਕਿਉਂ ਨਹੀਂ ਕਰਵਾਈ, ਸਰਦਾਰ ਮਜੀਠੀਆ ਨੇ ਕਿਹਾ ਕਿ ਜਿਹਨਾਂ ਕਿਸਾਨਾਂ ਦੀ ਹੜ੍ਹਾਂ ‘ਚ ਝੋਨੇ ਦੀ ਫਸਲ ਬਰਬਾਦ ਹੋ ਗਈ ਹੈ, ਉਹਨਾਂ ਨੂੰ40 ਹਜ਼ਾਰ ਰੁਪਏ ਪ੍ਰਤੀ ਏਕੜ ਮੁਆਵਜ਼ਾ ਦਿੱਤਾ ਜਾਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਇਸ ਤੋਂ ਇਲਾਵਾਂ ਘਰਾਂ ਅਤੇ ਦੁਧਾਰੂ ਪਸ਼ੂਆਂ ਦੇ ਹੋਏ ਨੁਕਸਾਨ ਲਈ ਤੁਰੰਤ ਮੁਆਵਜ਼ਾ ਦੇਣਾ ਚਾਹੀਦਾ ਹੈ। ਉਹਨਾਂ ਇਹ ਵੀ ਮੰਗ ਕੀਤੀ ਕਿ ਪੀੜਤਾਂ ਤਕ ਜਲਦੀ ਰਾਹਤ ਪਹੁੰਚਾਉਣ ਲਈ ਹੜ੍ਹਾਂ ਨਾਲ ਹੋਏ ਨੁਕਸਾਨ ਦੀਆਂ ਜ਼ਿਲ੍ਹਾ ਪੱਧਰੀ ਰਿਪੋਰਟਾਂ ਜਨਤਕ ਕੀਤੀਆਂ ਜਾਣੀਆਂ ਚਾਹੀਦੀਆਂ ਹਨ।
ਅਕਾਲੀ ਆਗੂ ਨੇ ਵਿੱਤ ਮੰਤਰੀ ਨੂੰ ਇਹ ਵੀ ਕਿਹਾ ਕਿ ਉਹ ਅਜਿਹਾ ਪ੍ਰਭਾਵ ਦੇ ਕੇ ਕਿ ਕੇਂਦਰ ਸਰਕਾਰ ਦੀ ਲਾਪਰਵਾਹੀ ਕਰਕੇ ਹੜ੍ਹ-ਪੀੜਤਾਂ ਨੂੰ ਮੁਆਵਜ਼ਾ ਨਹੀਂ ਦਿੱਤਾ ਜਾ ਰਿਹਾ ਹੈ, ਲੋਕਾਂ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਨਾ ਕਰੇ। ਉਹਨਾਂ ਕਿਹਾ ਕਿ ਸੱਚਾਈ ਇਹ ਹੈ ਕਿ ਪਿਛਲੇ 11 ਸਾਲ ਦੌਰਾਨ ਕੇਂਦਰ ਸਰਕਾਰ ਪੰਜਾਬ ਨੂੰ ਕੁਦਰਤੀ ਆਫ਼ਤਾਂ ਨਾਲ ਨਿਪਟਣ ਲਈ 6200 ਕਰੋੜ ਰੁਪਏ ਜਾਰੀ ਕਰ ਚੁੱਕੀ ਹੈ। ਪੰਜਾਬ ਸਰਕਾਰ ਇਸ ਪੈਸੇ ਦੀ ਵਰਤੋਂ ਲੋਕਾਂ ਨੂੰ ਰਾਹਤ ਦੇਣ ਲਈ ਕਰ ਸਕਦੀ ਹੈ, ਪਰ ਇਸ ਨੇ ਅਜਿਹਾ ਨਹੀਂ ਕੀਤਾ ਕਿਉਂਕਿ ਇਸ ਨੇ ਹੜ੍ਹਾਂ ਨਾਲ ਹੋਏ ਨੁਕਸਾਨ ਦਾ ਜਾਇਜਾ ਲੈ ਕੇ ਇਸ ਦੀ ਰਿਪੋਰਟ ਅਜੇ ਤਕ ਜਮ੍ਹਾਂ ਨਹੀਂ ਕਰਵਾਈ। ਉਹਨਾਂ ਕਿਹਾ ਕਿ ਲੋਕਾਂ ਨੂੰ ਤੁਰੰਤ ਰਾਹਤ ਦੇਣ ਲਈ ਸਰਕਾਰ ਨੂੰ ਤੁਰੰਤ ਇਹ ਰਿਪੋਰਟ ਦੇਣੀ ਚਾਹੀਦੀ ਹੈ ਨਾ ਕਿ ਆਪਣੀਆਂ ਨਾਕਾਮੀਆਂ ਦਾ ਦੋਸ਼ ਕੇਂਦਰ ਸਿਰ ਮੜ੍ਹ ਕੇ ਇਸ ਮੁੱਦੇ ਦਾ ਸਿਆਸੀਕਰਨ ਕਰਨਾ ਚਾਹੀਦਾ ਹੈ।
ਸਰਦਾਰ ਮਜੀਠੀਆ ਨੇ ਕਿਹਾ ਕਿ ਕਾਂਗਰਸ ਸਰਕਾਰ ਇਸ ਗੱਲ ਲਈ ਵੀ ਲੋਕਾਂ ਅੱਗੇ ਜੁਆਬਦੇਹ ਹੈ ਕਿ ਇਸ ਨੇ ਹੜ੍ਹ-ਰਾਹਤ ਕਾਰਜਾਂ ਵਿਚ ਕਿਉਂ ਯੋਗਦਾਨ ਨਹੀਂ ਪਾਇਆ। ਉਹਨਾਂ ਕਿਹਾ ਕਿ ਸੂਬੇ ਅੰਦਰ ਹੜ੍ਹਾਂ ਦਾ ਕਹਿਰ ਟੁੱਟਣ ਤੋਂ ਪੂਰਾ ਇੱਕ ਹਫ਼ਤਾ ਬਾਅਦ ਤਕ ਪੰਜਾਬ ਸਰਕਾਰ ਨੇ ਰਾਹਤ ਕਾਰਜਾਂ ਵਿਚ ਕੋਈ ਹਿੱਸਾ ਨਹੀਂ ਲਿਆ ਅਤੇ ਇਹ ਕਾਰਜ ਪੂਰੀ ਤਰ੍ਹਾਂ ਸਮਾਜਕ ਅਤੇ ਧਾਰਮਿਕ ਸੰਸਥਾਵਾਂ ਦੇ ਸਿਰ ਉੱਤੇ ਛੱਡ ਦਿੱਤਾ ਗਿਆ। ਸਰਕਾਰ ਨੇ ਰਾਹਤ ਕਾਰਜਾਂ ਵਾਸਤੇ ਚਾਰ ਮੰਤਰੀਆਂ ਦੀ ਉਸ ਸਮੇਂ ਡਿਊਟੀ ਲਾਈ, ਜਦੋਂ ਜ਼ਿਆਦਾਤਰ ਕਾਰਜ ਨਿਪਟਾਏ ਜਾ ਚੁੱਕੇ ਸਨ। ਮੌਜੂਦਾ ਸਮੇਂ 140 ਸਰਕਾਰੀ ਸਕੂਲਾਂ ਦੇ ਬੱਚੇ ਪਿਛਲੇ ਇੱਕ ਹਫਤੇ ਤੋਂ ਸਕੂਲ ਨਹੀਂ ਜਾ ਪਾ ਰਹੇ ਹਨ, ਪਰੰਤੂ ਨਾ ਤਾਂ ਇਹਨਾਂ ਬੱਚਿਆਂ ਲਈ ਬਦਲਵੀਆਂ ਥਾਂਵਾਂ ਉੱਤੇ ਕਲਾਸਾਂ ਲਗਾਉਣ ਦੇ ਪ੍ਰਬੰਧ ਕੀਤੇ ਗਏ ਹਨ ਅਤੇ ਨਾ ਹੀ ਹੜ੍ਹਾਂ ਵਿਚ ਹੋਏ ਨੁਕਸਾਨ ਲਈ ਸਕੂਲ ਪ੍ਰਬੰਧਕਾਂ ਨੂੰ ਮੁਆਵਜ਼ਾ ਦਿੱਤਾ ਜਾ ਰਿਹਾ ਹੈ।
ਅਕਾਲੀ ਆਗੂ ਨੇ ਕਾਂਗਰਸ ਸਰਕਾਰ ਤੋਂ ਇਸ ਗੱਲ ਦਾ ਵੀ ਜੁਆਬ ਮੰਗਿਆ ਕਿ ਜੇਕਰ ਇਸ ਕੋਲ ਲੋੜੀਂਦੇ ਫੰਡ ਸਨ ਤਾਂ ਇਸ ਨੇ ਪਿਛਲੇ ਸਾਲ ਹੋਏ ਫਸਲੀ ਨੁਕਸਾਨ ਦਾ ਮੁਆਵਜ਼ਾ ਕਿਉਂ ਨਹੀਂ ਦਿੱਤਾ? ਉਹਨਾਂ ਕਿਹਾ ਕਿ ਇਸ ਤੋਂ ਇਲਾਵਾ ਸਰਕਾਰ ਨੇ ਸਹਿਕਾਰੀ ਖੰਡ ਮਿੱਲਾਂ ਵੱਲ ਕਿਸਾਨਾਂ ਦੇ ਬਕਾਇਆ 275 ਕਰੋੜ ਰੁਪਏ ਵੀ ਨਹੀਂ ਦਿੱਤੇ ਹਨ। ਇਸ ਨੇ ਕਰਮਚਾਰੀਆਂ ਦੀਆਂ ਡੀਏ ਦੀਆਂ ਕਿਸ਼ਤਾਂ ਵੀ ਨਹੀਂ ਦਿੱਤੀਆਂ ਹਨ।ਵਿੱਤ ਮੰਤਰੀ ਕਿਸ ਨੂੰ ਮੂਰਖ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ? ਜੇਕਰ ਉਸ ਕੋਲ ਪੈਸਾ ਹੈ ਤਾਂ ਫਿਰ ਉਹ ਇਹਨਾਂ ਸਾਰੇ ਲੋਕਾਂ ਨੂੰ ਤੰਗ ਕਿਉਂ ਕਰ ਰਿਹਾ ਹੈ?