ਚੰਡੀਗੜ੍ਹ, ਪੰਜਾਬ ਪ੍ਰਦੇਸ਼ ਕਾਂਗਰਸ ਨੇ ਸੂਬੇ ਦੀਆਂ ਪੰਚਾਇਤ ਸਮਿਤੀਆਂ ਅਤੇ ਜ਼ਿਲਾ ਪਰਿਸ਼ਦਾਂ ਦੀਆਂ ਚੋਣਾਂ ਵਿੱਚ ਪਾਰਟੀ ਦੀਆਂ ਬਿਹਤਰ ਸੰਭਾਵਨਾਵਾਂ ਖਾਤਰ ਉਨ੍ਹਾਂ ਵਿਧਾਨ ਸਭਾ ਹਲਕਿਆਂ ਵਿਚ ਪਾਰਟੀ ਨਿਗਰਾਨ ਲਾਏ ਹਨ ਜਿਨ੍ਹਾਂ ਵਿਚ ਪਾਰਟੀ ਵਿਧਾਨ ਸਭਾ ਦੀਆਂ ਚੋਣਾਂ ਹਾਰ ਗਈ ਸੀ ਜਾਂ ਪਹਿਲੀ ਵਾਰ ਵਿਧਾਇਕ ਜਿੱਤੇ ਹਨ।
ਇਸ ਸਬੰਧ ’ਚ ਕਾਂਗਰਸ ਦੇ ਸੂਬਾਈ ਪ੍ਰਧਾਨ ਤੇ ਲੋਕ ਸਭਾ ਮੈਂਬਰ ਸੁਨੀਲ ਜਾਖੜ ਨੇ ਪਾਰਟੀ ਦੇ ਰਣਨੀਤੀਕਾਰਾਂ ਨਾਲ ਵਿਚਾਰ-ਵਟਾਂਦਰਾ ਕੀਤਾ ਤੇ ਨਿਗਰਾਨ ਲਾਉਣ ਨੂੰ ਹਰੀ ਝੰਡੀ ਦੇ ਦਿੱਤੀ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਨ੍ਹਾਂ ਹਲਕਿਆਂ ਵਿਚ ਇਸ ਕਰ ਕੇ ਨਿਗਰਾਨਾਂ ਦੀਆਂ ਡਿਊਟੀਆਂ ਲਾਈਆਂ ਗਈਆਂ ਹਨ ਤਾਂ ਕਿ ਉਮੀਦਵਾਰਾਂ ਦੀ ਚੋਣ ਅਤੇ ਸਬੰਧਤ ਕੰਮ ਕਾਜ ਠੀਕ ਠਾਕ ਢੰਗ ਨਾਲ ਨੇਪਰੇ ਚੜ੍ਹ ਜਾਣ। ਨਿਗਰਾਨ ਭਲਕੇ ਅਤੇ ਅਗਲੇ ਦਿਨ ਮੀਟਿੰਗਾਂ ਕਰ ਕੇ ਫੈਸਲੇ ਕਰ ਲੈਣਗੇ ਤੇ ਉਸ ਤੋਂ ਬਾਅਦ ਨਾਮਜ਼ਦਗੀਆਂ ਸ਼ੁਰੂ ਕਰ ਦਿੱਤੀਆਂ ਜਾਣਗੀਆਂ। ਇਸ ਤੋਂ ਬਾਅਦ ਵੀ ਰੇੜਕੇ ਪੈਣ ਦੀ ਸਥਿਤੀ ਵਿੱਚ ਤਾਂ ਜ਼ਿਲਿਆਂ ਦੇ ਲਾਏ ਇੰਚਾਰਜ ਮੰਤਰੀਆਂ ਅਤੇ ਹੋਰ ਸੀਨੀਅਰ ਆਗੂਆਂ ਨਾਲ ਵਿਚਾਰ-ਚਰਚਾ ਕਰ ਕੇ ਹੱਲ ਕੀਤੇ ਜਾਣਗੇ।
ਪ੍ਰਾਪਤ ਜਾਣਕਾਰੀ ਅਨੁਸਾਰ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਤੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਸਮੇਤ ਵੱਖ ਵੱਖ ਮੰਤਰੀਆਂ ਦੀਆਂ ਜ਼ਿਲਾ ਇੰਚਾਰਜਾਂ ਵਜੋਂ ਡਿਊਟੀਆਂ ਲਗਾ ਦਿੱਤੀਆਂ ਹਨ। ਮਨਪ੍ਰੀਤ ਸਿੰਘ ਬਾਦਲ ਅਤੇ ਵਿਜੇਇੰਦਰ ਸਿੰਗਲਾ ਵਿਦੇਸ਼ ਦੌਰੇ ’ਤੇ ਹਨ। ਦੋਵੇਂ ਮਹਿਲਾ ਮੰਤਰੀ ਰਜ਼ੀਆ ਸੁਲਤਾਨਾ ਅਤੇ ਅਰੁਣਾ ਚੌਧਰੀ ਆਪੋ ਆਪਣੇ ਹਲਕਿਆਂ ਦੇ ਚੋਣਾਂ ਦੇ ਕੰਮ ਕਾਜ ਦੀ ਨਿਗਰਾਨੀ ਕਰਨਗੀਆਂ। ਕੈਬਨਿਟ ਮੰਤਰੀ ਓ.ਪੀ. ਸੋਨੀ ਨੂੰ ਗੁਰਦਾਸਪੁਰ, ਸੁਖਜਿੰਦਰ ਸਿੰਘ ਰੰਧਾਵਾ ਨੂੰ ਅੰਮ੍ਰਿਤਸਰ, ਸਾਧੂ ਸਿੰਘ ਧਰਮਸੋਤ ਨੂੰ ਰੋਪੜ ਤੇ ਮੋਹਾਲੀ, ਬਲਬੀਰ ਸਿੰਘ ਸਿੱਧੂ ਨੂੰ ਪਟਿਆਲਾ, ਸੰਗਰੂਰ, ਬਰਨਾਲਾ, ਚਰਨਜੀਤ ਸਿੰਘ ਚੰਨੀ ਨੂੰ ਹੁਸ਼ਿਆਰਪੁਰ, ਸੁੰਦਰ ਸ਼ਾਮ ਅਰੋੜਾ ਨੂੰ ਕਪੂਰਥਲਾ ਤੇ ਨਵਾਂ ਸ਼ਹਿਰ, ਰਾਣਾ ਗੁਰਮੀਤ ਸਿੰਘ ਸੋਢੀ ਨੂੰ ਬਠਿੰਡਾ, ਗੁਰਪ੍ਰੀਤ ਸਿੰਘ ਕਾਂਗੜ ਨੂੰ ਫਾਜ਼ਿਲਕਾ ਤੇ ਮੁਕਤਸਰ, ਵਿਧਾਇਕ ਇੰਦਰਬੀਰ ਸਿੰਘ ਬੁਲਾਰੀਆ ਨੂੰ ਪਠਾਨਕੋਟ, ਵਿਧਾਇਕ ਰਾਜ ਕੁਮਾਰ ਵੇਰਕਾ ਨੂੰ ਫਰੀਦਕੋਟ, ਕਾਂਗਰਸ ਆਗੂ ਜਸਬੀਰ ਸਿੰਘ ਡਿੰਪਾ ਨੂੰ ਫਿਰੋਜ਼ਪੁਰ, ਮਾਰਕਫੈੱਡ ਦੇ ਚੇਅਰਮੈਨ ਅਮਰਜੀਤ ਸਿੰਘ ਸਮਰਾ ਨੂੰ ਮੋਗਾ, ਸਾਬਕਾ ਮੰਤਰੀ ਤੇਜ ਪ੍ਰਕਾਸ਼ ਨੂੰ ਫਤਿਹਗੜ੍ਹ ਸਾਹਿਬ, ਅਵਤਾਰ ਹੈਨਰੀ ਨੂੰ ਮਾਨਸਾ, ਅੰਮ੍ਰਿਤਸਰ ਦੇ ਮੇਅਰ ਰਿੰਟੂ ਨੂੰ ਤਰਨ ਤਾਰਨ ਲਾਇਆ ਗਿਆ ਹੈ।