ਨਵੀਂ ਦਿੱਲੀ, 22 ਅਗਸਤ

ਆਲ ਇੰਡੀਆ ਕਾਂਗਰਸ ਪਾਰਟੀ ਦੇ ਪ੍ਰਧਾਨ ਦੀ ਚੋਣ ਸਬੰਧੀ ਵੇਰਵੇ ਸਹਿਤ ਪ੍ਰੋਗਰਾਮ ਅਗਲੇ ਤਿੰਨ-ਚਾਰ ਦਿਨਾਂ ਵਿੱਚ ਐਲਾਨੇ ਜਾਣ ਦੀ ਸੰਭਾਵਨਾ ਹੈ। ਕਾਂਗਰਸ ਪਾਰਟੀ ਨਾਲ ਜੁੜੇ ਭਰੋਸੇਯੋਗ ਸੂਤਰਾਂ ਨੇ ਅੱਜ ਇਹ ਜਾਣਕਾਰੀ ਦਿੱਤੀ। ਕਾਂਗਰਸ ਦੀ ਚੋਣ ਅਥਾਰਿਟੀ ਨੇ ਕਿਹਾ ਕਿ ਉਹ 20 ਸਤੰਬਰ ਤੱਕ ਨਵੇਂ ਮੁਖੀ ਦੀ ਚੋਣ ਮੁਕੰਮਲ ਕਰਵਾਉਣ ਸਬੰਧੀ ਆਪਣੇ ਪ੍ਰੋਗਰਾਮ ’ਤੇ ਕਾਇਮ ਹੈ। ਕਾਂਗਰਸ ਦੇ ਕੇਂਦਰੀ ਚੋਣ ਅਥਾਰਿਟੀ ਦੇ ਚੇਅਰਮੈਨ ਮਧੂਸੂਦਨ ਮਿਸਤਰੀ ਨੇ ਕਿਹਾ, ‘‘ਕਾਂਗਰਸ ਪ੍ਰਧਾਨ ਦੀ ਚੋਣ ਲਈ ਅੰਤਿਮ ਮਿਤੀ ਨੂੰ ਮਨਜ਼ੂਰੀ ਦੇਣਾ ਕਾਂਗਰਸ ਕਾਰਜਕਾਰੀ ਕਮੇਟੀ (ਸੀਡਬਲਿਊਸੀ) ’ਤੇ ਨਿਰਭਰ ਸੀ, ਪਰ ਅਸੀਂ ਆਪਣੇ ਵੱਲੋਂ ਪੂਰੀ ਤਰ੍ਹਾਂ ਤਿਆਰ ਹਾਂ।’’ ਪਾਰਟੀ ਦੇ ਇੱਕ ਸਿਖਰਲੇ ਸੂਤਰ ਨੇ ਦੱਸਿਆ, ‘‘ਕਾਂਗਰਸ ਪ੍ਰਧਾਨ ਦੀ ਚੋਣ ਸਬੰਧੀ ਪ੍ਰੋਗਰਾਮ ਆਉਣ ਵਾਲੇ 3-4 ਦਿਨਾਂ ਦੇ ਅੰਦਰ ਜਾਰੀ ਹੋ ਜਾਵੇਗਾ। ਇਸ ਵਿੱਚ ਨਾਮਜ਼ਦਗੀਆਂ ਦਾਖ਼ਲ ਕਰਨ ਅਤੇ ਵਾਪਸ ਲੈਣ ਸਬੰਧੀ ਤਰੀਕਾਂ ਦੀ ਵੇਰਵੇ ਸਹਿਤ ਜਾਣਕਾਰੀ ਦਿੱਤੀ ਜਾਵੇਗੀ।’’