ਬਠਿੰਡਾ, 10 ਸਤੰਬਰ
ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਨੇ ਅੱਜ ਇੱਥੇ ਇਕ ਰੈਲੀ ਨੂੰ ਸੰਬੋਧਨ ਕੀਤਾ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਬਿਕਰਮ ਸਿੰਘ ਮਜੀਠੀਆ ਵੀ ਹਾਜ਼ਰ ਸਨ। ਪਾਰਟੀ ਪ੍ਰਧਾਨ ਨੇ ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਤੇ ਬਾਦਲ ਪਰਿਵਾਰ ’ਤੇ ਦੋਸ਼ ਲਗਾਉਣ ਵਾਲਿਆਂ ਨੂੰ ਨਿਸ਼ਾਨੇ ’ਤੇ ਲੈਂਦਿਆਂ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹਮੇਸ਼ਾ ਅਮਨ-ਸ਼ਾਂਤੀ ਦੇ ਹਾਮੀ ਰਹੇ ਹਨ ਤੇ ਕਾਂਗਰਸ ਦੇ ਦੋਸ਼ ਬੇਬੁਨਿਆਦ ਹਨ।
ਉਨ੍ਹਾਂ ਮਨਪ੍ਰੀਤ ਸਿੰਘ ਬਾਦਲ ਦੀ ਵੀ ਇਸ ਮੁੱਦੇ ’ਤੇ ਨਿਖੇਧੀ ਕੀਤੀ। ਉਨ੍ਹਾਂ ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ ਅਤੇ ਸਿਮਰਜੀਤ ਸਿੰਘ ਮਾਨ ਉੱਤੇ ਗੰਭੀਰ ਦੋਸ਼ ਲਾਉਂਦਿਆਂ ਕਿਹਾ ਕਿ ਇਹ ਵਿਦੇਸ਼ੀ ਏਜੰਸੀਆਂ ਦੇ ਇਸ਼ਾਰਿਆਂ ’ਤੇ ਕੰਮ ਕਰ ਰਹੇ ਹਨ। ਉਨ੍ਹਾਂ ਦੋਸ਼ ਲਾਇਆ ਕਿ ਇਨ੍ਹਾਂ ਆਗੂਆਂ ਨੂੰ ਗੁਰੂ ਗ੍ਰੰਥ ਸਾਹਿਬ ਨਾਲ ਕੋਈ ਮੋਹ ਨਹੀਂ ਤੇ ਇਹ ਤਾਕਤਾਂ ਪੰਜਾਬ ਨੂੰ ਤੋੜਨ ’ਤੇ ਉਤਾਰੂ ਹਨ। ਉਨ੍ਹਾਂ ਕਿਹਾ ਕਿ ਇਹ ਆਗੂ ਕਥਿਤ ਤੌਰ ’ਤੇ ਮੋਰਚਾ ਲਾ ਕੇ ਮਾਇਆ ਇਕੱਠੀ ਕਰ ਰਹੇ ਹਨ ਤੇ ਲੋਕਾਂ ਨੂੰ ਗੁਮਰਾਹ ਕਰ ਰਹੇ ਹਨ।
ਸੁਖਬੀਰ ਬਾਦਲ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਬਾਦਲ ਨੇ ਬਠਿੰਡਾ ਦੇ ਵਿਕਾਸ ਲਈ ਕੋਈ ਉੱਦਮ ਨਹੀਂ ਕੀਤਾ। ਇਸ ਮੌਕੇ ਸਾਬਕਾ ਵਿਧਾਇਕ ਸਰੂਪ ਚੰਦ ਸਿੰਗਲਾ, ਮੇਅਰ ਬਲਵੰਤ ਰਾਏ ਨਾਥ, ਬਲਜੀਤ ਸਿੰਘ ਬੀੜ ਬਹਿਮਣ ਸਾਬਕਾ ਮੇਅਰ, ਮਾਸਟਰ ਹਰਮੰਦਰ ਸਿੰਘ, ਹਰਜੀਤ ਸਿੰਘ ਸਿਵੀਆਂ ਬਲਕਾਰ ਸਿੰਘ ਬਰਾੜ ਹਾਜ਼ਰ ਸਨ। ਰੈਲੀ ਲਈ ਜਾ ਰਹੇ ਸ਼੍ਰੋਮਣੀ ਅਕਾਲੀ ਦਲ ਦੇ ਆਗੂਆਂ ਨੂੰ ਕਾਲੀਆਂ ਝੰਡੀਆਂ ਵਿਖਾਉਣ ਲਈ ਪੁੱਜੇ ਦਲ ਖ਼ਾਲਸਾ ਦੇ ਬਾਬਾ ਹਰਦੀਪ ਸਿੰਘ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਪੁਲੀਸ ਨੇ ਘੇਰੀ ਰੱਖਿਆ ਅਤੇ ਰੈਲੀ ਤੱਕ ਨਹੀਂ ਪੁੱਜਣ ਦਿੱਤਾ।