ਨਵੀਂ ਦਿੱਲੀ, 11 ਅਗਸਤ

ਲੋਕ ਸਭਾ ’ਚ ਕਾਂਗਰਸ ਦੇ ਆਗੂ ਅਧੀਰ ਰੰਜਨ ਚੌਧਰੀ ਨੂੰ ਅੱਜ ਬੇਭਰੋਸਗੀ ਮਤੇ ’ਤੇ ਬਹਿਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਬਾਰੇ ਕੀਤੀਆਂ ਗਈਆਂ ਇਤਰਾਜ਼ਯੋਗ ਟਿੱਪਣੀਆਂ ਕਾਰਨ ਹੇਠਲੇ ਸਦਨ ਤੋਂ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮੁੱਦੇ ’ਤੇ ਮਰਿਆਦਾ ਕਮੇਟੀ ਦੀ ਰਿਪੋਰਟ ਆਉਣ ਤੱਕ ਉਹ ਮੁਅੱਤਲ ਰਹਿਣਗੇ।

ਸੰਸਦੀ ਮਾਮਲਿਆਂ ਬਾਰੇ ਮੰਤਰੀ ਪ੍ਰਹਿਲਾਦ ਜੋਸ਼ੀ ਨੇ ਸ੍ਰੀ ਚੌਧਰੀ ਨੂੰ ਮੁਅੱਤਲ ਕਰਨ ਦਾ ਮਤਾ ਲਿਆਂਦਾ ਤੇ ਕਿਹਾ ਕਿ ਉਨ੍ਹਾਂ ਪ੍ਰਧਾਨ ਮੰਤਰੀ ਤੇ ਹੋਰ ਮੰਤਰੀਆਂ ਦੇ ਸੰਬੋਧਨ ਦੌਰਾਨ ਸਦਨ ਦੀ ਕਾਰਵਾਈ ’ਚ ਅੜਿੱਕਾ ਪਾਇਆ ਹੈ। ਇਹ ਮਤਾ ਜੁਬਾਨੀ ਵੋਟਾਂ ਨਾਲ ਪਾਸ ਕਰ ਦਿੱਤਾ ਗਿਆ। ਕਾਂਗਰਸ ਨੇ ਆਪਣੇ ਆਗੂ ਖ਼ਿਲਾਫ਼ ਕਾਰਵਾਈ ਨੂੰ ਹੈਰਾਨੀ ਭਰੀ ਤੇ ਗ਼ੈਰ ਜਮਹੂਰੀ ਦੱਸਿਆ। ਲੋਕ ਸਭਾ ’ਚ ਕਾਂਗਰਸ ਦੇ ਵ੍ਹਿੱਪ ਮਨੀਕਮ ਟੈਗੋਰ ਨੇ ਕਿਹਾ, ‘ਪਹਿਲੀ ਵਾਰ ਮੋਦੀ ਖ਼ਿਲਾਫ਼ ਬੋਲਣ ’ਤੇ ਸਭ ਤੋਂ ਵੱਡੀ ਵਿਰੋਧੀ ਪਾਰਟੀ ਦੇ ਲੋਕ ਸਭਾ ’ਚ ਆਗੂ ਅਧੀਰ ਰੰਜਨ ਚੌਧਰੀ ਨੂੰ ਮੁਅੱਤਲ ਕਰ ਦਿੱਤਾ ਗਿਆ। ਹੈਰਾਨੀਜਨਕ। ਇਹ ਤਾਨਾਸ਼ਾਹੀ ਨਿੰਦਣਯੋਗ ਹੈ।’ ਇੱਕ ਕਾਂਗਰਸ ਆਗੂ ਨੇ ਕਿਹਾ ਕਿ ਇਹ ਸ਼ਾਇਦ ਪਹਿਲੀ ਵਾਰ ਹੈ ਜਦੋਂ ਲੋਕ ਸਭਾ ’ਚ ਮੁੱਖ ਵਿਰੋਧੀ ਪਾਰਟੀ ਦੇ ਆਗੂ ਨੂੰ ਮੁਅੱਤਲ ਕੀਤਾ ਗਿਆ ਹੋਵੇ।

ਪ੍ਰਹਿਲਾਦ ਜੋਸ਼ੀ ਨੇ ਕਿਹਾ, ‘ਇਹ ਉਨ੍ਹਾਂ (ਚੌਧਰੀ) ਦੀ ਆਦਤ ਬਣ ਗਈ ਹੈ ਅਤੇ ਇਹ ਬਹੁਤ ਮਾੜੀ ਗੱਲ ਹੈ। ਉਹ ਕਾਂਗਰਸ ਪਾਰਟੀ ਦੇ ਆਗੂ ਹਨ ਜੋ ਕਿ ਇਸ ਸਦਨ ’ਚ ਸਭ ਤੋਂ ਵੱਡੀ ਵਿਰੋਧੀ ਪਾਰਟੀ ਹੈ। ਲਗਾਤਾਰ ਚਿਤਾਵਨੀਆਂ ਦੇ ਬਾਵਜੂਦ ਉਨ੍ਹਾਂ ਆਪਣਾ ਵਤੀਰਾ ਨਾ ਬਦਲਿਆ।’ ਉਨ੍ਹਾਂ ਕਿਹਾ, ‘ਬਹਿਸ ਦੌਰਾਨ ਉਹ ਹਮੇਸ਼ਾ ਬੇਬੁਨਿਆਦ ਦੋਸ਼ ਲਗਾ ਕੇ ਸਰਕਾਰ ਦੇ ਅਕਸ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦੇ ਹਨ। ਉਨ੍ਹਾਂ ਦੀ ਬਹਿਸ ’ਚ ਕੋਈ ਤੱਥ ਨਹੀਂ ਹੁੰਦਾ ਤੇ ਨਾ ਉਹ ਕਦੀ ਮੁਆਫ਼ੀ ਮੰਗਦੇ ਹਨ। ਅੱਜ ਵੀ ਅਸੀਂ ਉਨ੍ਹਾਂ ਤੋਂ ਮੁਆਫ਼ੀ ਦੀ ਮੰਗ ਕੀਤੀ। ਉਨ੍ਹਾਂ ਮੁੜ ਉਹੀ ਕੀਤਾ ਜਦੋਂ ਗ੍ਰਹਿ ਮੰਤਰੀ ਸੰਬੋਧਨ ਕਰ ਰਹੇ ਸੀ।’ ਇਸ ਮਗਰੋਂ ਉਨ੍ਹਾਂ ਚੌਧਰੀ ਨੂੰ ਮਅੱਤਲ ਕਰਨ ਸਬੰਧੀ ਮਤਾ ਪੇਸ਼ ਕੀਤਾ ਜਿਸ ਨੂੰ ਪਾਸ ਕਰਨ ਮਗਰੋਂ ਅਗਲੀ ਜਾਂਚ ਲਈ ਮਰਿਆਦਾ ਕਮੇਟੀ ਕੋਲ ਭੇਜ ਦਿੱਤਾ ਗਿਆ। ਮਰਿਆਦਾ ਕਮੇਟੀ ਦੀ ਰਿਪੋਰਟ ਆਉਣ ਤੱਕ ਸ੍ਰੀ ਚੌਧਰੀ ਮੁਅੱਤਲ ਰਹਿਣਗੇ। ਇਸ ਤੋਂ ਪਹਿਲਾਂ ਕਾਂਗਰਸ ਆਗੂ ਅਧੀਰ ਰੰਜਨ ਚੌਧਰੀ ਨੇ ਮਨੀਪੁਰ ’ਚ ਔਰਤਾਂ ਨਾਲ ਵਾਪਰੀਆਂ ਜਿਨਸੀ ਹਿੰਸਾ ਦੀਆਂ ਘਟਨਾਵਾਂ ਦਾ ਜ਼ਿਕਰ ਕਰਦਿਆਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਟਿੱਪਣੀ ਕਰਨ ਸਮੇਂ ਭਗੌੜੇ ਕਾਰੋਬਾਰੀ ਨੀਰਵ ਮੋਦੀ ਅਤੇ ਮਹਾਭਾਰਤ ਦੇ ਨੇਤਰਹੀਣ ਰਾਜੇ ਧ੍ਰਿਤਰਾਸ਼ਟਰ ਦਾ ਹਵਾਲਾ ਦਿੱਤਾ ਤਾਂ ਹਾਕਮ ਧਿਰ ਦੇ ਮੈਂਬਰਾਂ ਨੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਭਾਜਪਾ ਦੇ ਸੰਸਦ ਮੈਂਬਰ ਵੀਰੇਂਦਰ ਸਿੰਘ ਮਸਤ ਨੇ ਬੈਂਚ ’ਤੇ ਖੜ੍ਹੇ ਹੋ ਕੇ ਕਾਂਗਰਸ ਆਗੂ ਚੌਧਰੀ ਨੂੰ ਗੁੱਸੇ ਨਾਲ ਧਮਕੀਆਂ ਦੇਣੀਆਂ ਸ਼ੁਰੂ ਕਰ ਦਿੱਤੀਆਂ। ਹਾਲਾਂਕਿ ਉਨ੍ਹਾਂ ਨੂੰ ਕੇਂਦਰੀ ਮੰਤਰੀ ਪ੍ਰਹਿਲਾਦ ਜੋਸ਼ੀ, ਅਰਜੁਨ ਰਾਮ ਮੇਘਵਾਲ ਤੇ ਭਾਜਪਾ ਦੇ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਰੋਕਿਆ। ਚੌਧਰੀ ਦੀ ਟਿੱਪਣੀ ’ਤੇ ਇਤਰਾਜ਼ ਜ਼ਾਹਿਰ ਕਰਦਿਆਂ ਪ੍ਰਹਿਲਾਦ ਜੋਸ਼ੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਸਭ ਤੋਂ ਵੱਡੀ ਅਥਾਰਿਟੀ ਹਨ ਤੇ ਨਿਯਮ 352 (5) ਤਹਿਤ ਚੌਧਰੀ ਦੀ ਟਿੱਪਣੀ ਰਿਕਾਰਡ ’ਚੋਂ ਹਟਾਈ ਜਾਣੀ ਚਾਹੀਦੀ ਹੈ। ਇਸ ’ਤੇ ਸਪੀਕਰ ਓਮ ਬਿਰਲਾ ਨੇ ਕਿਹਾ ਉਨ੍ਹਾਂ ਦੀ ਟਿੱਪਣੀ ਹਟਾ ਦਿੱਤੀ ਜਾਵੇਗੀ। ਬਾਅਦ ਵਿੱਚ ਵੀਰੇਂਦਰ ਸਿੰਘ ਮਸਤ ਨੇ ਵੀ ਆਪਣੇ ਵਿਹਾਰ ਲਈ ਮੁਆਫ਼ੀ ਮੰਗ ਲਈ।