ਜੰਮੂ, 15 ਜੁਲਾਈ
ਨੈਸ਼ਨਲ ਕਾਨਫਰੰਸ (ਐੱਨਸੀ) ਦੇ ਮੀਤ ਪ੍ਰਧਾਨ ਉਮਰ ਅਬਦੁੱਲਾ ਨੇ ਅੱਜ ਕਿਹਾ ਕਿ ਜੰਮੂ ਕਸ਼ਮੀਰ ਵਿੱਚ ਸਥਾਨਕ ਸਿਆਸੀ ਆਗੂ ਅਗਸਤ 2019 ਮਗਰੋਂ ਲਗਾਈਆਂ ਪਾਬੰਦੀਆਂ ਨਾਲ ਜਿਊਣ ਸਿੱਖ ਗਏ ਹਨ। ਉਨ੍ਹਾਂ ਕਿਹਾ ਕਿ ਅਜਿਹੇ ਕਦਮ ਸਿਆਸੀ ਆਗੂਆਂ ਨੂੰ ਲੋਕਾਂ ਨਾਲ ਰਾਬਤਾ ਬਣਾਉਣ ਵਿੱਚ ਕਮਜੋਰ ਨਹੀਂ ਕਰ ਸਕੇ। ਜੰਮੂ ਕਸ਼ਮੀਰ ਨੂੰ ਵਿਸ਼ੇਸ਼ ਰਾਜ ਦਾ ਦਰਜਾ ਦਿੰਦੀ ਧਾਰਾ 370 ਮਨਸੂਖ ਕਰਨ ਮਗਰੋਂ ਸਾਲ 2019 ਵਿੱਚ ਇਸ ਸੂਬੇ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ ਲੱਦਾਖ ਅਤੇ ਜੰਮੂ ਕਸ਼ਮੀਰ ਵਿੱਚ ਵੰਡ ਦਿੱਤਾ ਗਿਆ ਸੀ। ਜੰਮੂ ਕਸ਼ਮੀਰ ਦੇ ਸਾਬਕਾ ਮੁੱਖ ਮੰਤਰੀ ਉਮਰ ਨੇ ਇਸ ਖੇਤਰ ਵਿੱਚ ਅਤਿਵਾਦੀ ਸਰਗਰਮੀਆਂ ’ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਕੁੱਝ ਸਮਾਂ ਪਹਿਲਾਂ ਅਤਿਵਾਦ ਮੁਕਤ ਐਲਾਨੇ ਗਏ ਇਸ ਇਲਾਕੇ ਵਿੱਚ ਅਤਿਵਾਦ ਮੁੜ ਸਿਰ ਚੁੱਕ ਰਿਹਾ ਹੈ।