ਟਰਾਂਟੋ/ਸਟਾਰ ਨਿਊਜ਼ (ਕੰਵਲਜੀਤ ਸਿੰਘ ਕੰਵਲ) ਕੈਨੇਡਾ ਵਿਚਲੇ ਕਿਊਬਿਕ ਸੂਬੇ ਦੇ ਸ਼ਹਿਰ ਮਾਂਟਰੀਅਲ ਚ ਹੋਈਆਂ ਕੈਨੇਡਾ ਓਪਨ 2019 ਖੇਡਾਂ ਵਿੱਚ ਅੰਮ੍ਰਿਤਸਰ ਦੀ ਵਸਨੀਕ ਵੀਨਾਂ ਅਰੋੜਾ ਨੇ ਪੈਰਾ ਤਾਈਕਵਾਂਡੋ ਖੇਡ ਵਿੱਚ ਮਾਰਕਾ ਮਾਰਦਿਆਂ ਭਾਰਤ ਲਈ ਸੋਨੇ ਦਾ ਮੈਡਲ ਜਿੱਤਿਆ। ਚੇਤੇ ਰਹੇ ਵੀਨਾਂ ਅਰੋੜਾ ਨੇ ਇਸ ਤੋਂ ਪਹਿਲਾਂ ਵੀ ਦੇਸ਼ ਵਿਦੇਸ਼ ਚ ਭਾਰਤ ਦੀ ਰਹਿਨੁਮਾਈ ਕਰਦਿਆਂ ਕਈ ਮੈਡਲ ਭਾਰਤ ਦੀ ਝੋਲੀ ਪਾਏ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਸ ਨੇ ਦੱਸਿਆ ਕਿ ਕਿਸੇ ਡਾ: ਦੇ ਗਲੱਤ ਟੀਕਾ ਲਾਉਣ ਕਰਕੇ ਉੱਸ ਦਾ ਸੱਜਾ ਹੱਥ ਕੱਟਿਆ ਗਿਆ ਸੀ ਪਰ ਉਸ ਨੇ ਹਿੰਮਤ ਨਹੀਂ ਹਾਰੀ ਤੇ ਆਪਣੀ ਮੰਜਿਲ ਵੱਲ ਅਗੇਰੇ ਅਤੇ ਹੋਰ ਅਗੇਰੇ ਵੱਧਦੀ ਗਈ ਅਤੇ ਉਸ ਨੇਂ ਇਕ ਹੱਥ ਨਾਲ ਦੁਨੀਆਂ ਫਤਿਹ ਕਰਨ ਦੀ ਠਾਣ ਲਈ ਤੇ ਭਾਰਤ ਦੀ ਝੋਲੀ ਪਿਆ ਇਹ ਗੋਲਡ ਮੈਡਲ ਇਸ ਗੱਲ ਦੀ ਗਵਾਹੀ ਹੈ। ਵੀਨਾਂ ਅਰੋੜਾ ਇਹਨੀਂ ਦਿਨੀਂ ਟੋਕੀਓ ਜਪਾਨ ਚ ਹੋ ਰਹੀਆਂ ਪੈਰਾਲਿੰਪਕ 2020 ਖੇਡਾਂ ਚ ਭਾਰਤ ਵੱਲੋਂ ਭਾਗ ਲੈਣ ਦੀ ਤਿਆਰੀ ਕਰ ਰਹੀ ਹੈ। ਭਾਂਵੇਂ ਕਿ ਬੀਤੇ ਦਿਨੀਂ ਉਸ ਨੂੰ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਕੁਝ ਹੋਰ ਖਿਡਾਰੀਆਂ ਨਾਲ ਮਹਾਰਾਜਾ ਰਣਜੀਤ ਸਿੰਘ ਐਵਾਰਡ ਨਾਲ ਸਨਮਾਨਿਆਂ ਗਿਆ ਹੈ ਪਰ ਪੰਜਾਬ ਸਰਕਾਰ ਵੱਲੋਂ ਕੋਈ ਮਾਇਕ ਸਹਾਇਤਾ ਜਾਂ ਨੌਕਰੀ ਨਾਂ ਦਿੱਤੇ ਜਾਣ ਦਾ ਉਸ ਨੂੰ ਗਿਲਾ ਹੈ, ਉਹ ਆਖਦੀ ਹੈ ਕਿ ਹਰਿਆਣਾ ਸਰਕਾਰ ਵਾਂਗੂ ਪੰਜਾਬ ਦੇ ਵੱਖ ਵੱਖ ਖੇਡਾਂ ਚ ਮੱਲਾਂ ਮਾਰਨ ਵਾਲੇ ਖਿਡਾਰੀਆਂ ਵੱਲ ਪੰਜਾਬ ਸਰਕਾਰ ਨੂੰ ਵਿਸ਼ੇਸ਼ ਧਿਆਨ ਦੇਣ ਦੀ ਲੋੜ ਹੈ। ਵੀਨਾਂ ਅਰੋੜਾ ਨੇ ਦੱਸਿਆ ਕਿ ਉਹ ਆਪਣੇ ਵਸੀਲਿਆਂ ਰਾਹੀਂ ਅੰਮ੍ਰਿਤਸਰ ਵਿੱਚ ਬੱਚਿਆਂ ਨੂੰ ਤਾਈ ਕਵਾਂਡੋ ਦੀ ਸਿਖਲਾਈ ਦੇਣ ਲਈ ਇਕ ਐਨ ਜੀ ਓ ਵੀ ਚਲਾ ਰਹੀ ਹੈ ਜਿਸ ਨੂੰ ਮਾਇਕ ਸਹਾਇਤਾ ਦੀ ਵੱਡੀ ਲੋੜ ਹੈ ਅਤੇ ਸਰਕਾਰਾਂ ਨੂੰ ਅਜਿਹੇ ਅਦਾਰਿਆਂ ਵੱਲ ਧਿਆਂਨ ਦੇਣਾ ਚਾਹੀਦਾ ਹੈ। ਭਾਰਤ ਦੀ ਝੋਲੀ ਪਏ ਇਸ ਸੋਨੇ ਦੇ ਇਸ ਮੈਡਲ ਨੂੰ ਲੈ ਕੇ ਵੀਨਾਂ ਅਰੋੜਾ 10 ਅਕਤੂਬਰ ਨੂੰ ਭਾਰਤ ਪੁੱਜੇਗੀ।