ਨਵੀਂ ਦਿੱਲੀ, 5 ਜਨਵਰੀ
ਕਰੋਨਾ ਵੈਕਸੀਨ ਦਾ ਤੀਜਾ ਡੋਜ਼ ਜਿਸ ਨੂੰ ਪ੍ਰੀਕੋਸ਼ਨ (ਬਚਾਅ) ਡੋਜ਼ ਦਾ ਨਾਂ ਦਿੱਤਾ ਗਿਆ ਹੈ, ਸਿਹਤ ਕਰਮੀਆਂ ਅਤੇ ਫਰੰਟਲਾਈਨ ਵਰਕਰਾਂ ਸਣੇ 60 ਸਾਲ ਉਮਰ ਜਾਂ ਇਸ ਤੋਂ ਵਡੇਰੀ ਉਮਰ ਦੇ ਲੋਕਾਂ ਨੂੰ ਦਿੱਤਾ ਜਾਵੇਗਾ। ਵੈਕਸੀਨ ਦਾ ਡੋਜ਼ ਉਹ ਹੀ ਹੋਵੇਗਾ ਜਿਹੜਾ ਕਿਸੇ ਵਿਅਕਤੀ ਨੇ ਪਹਿਲਾਂ ਦੋ ਵਾਰ ਲਗਾਵਾਇਆ ਹੋਵੇਗਾ। ਨੀਤੀ ਆਯੋਗ ਦੇ ਮੈਂਬਰ (ਸਿਹਤ) ਡਾ. ਵੀ. ਕੇ. ਪੌਲ ਨੇ ਹਫਤਾਵਾਰੀ ਕੋਵਿਡ-19 ਮੀਟਿੰਗ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਉਪਰੋਕਤ ਵਿਅਕਤੀਆਂ ਦਾ ਟੀਕਾਕਰਨ 10 ਜਨਵਰੀ ਤੋਂ ਸ਼ੁਰੂ ਹੋਵੇਗਾ ਤੇ ਇਸ ਸਬੰਧੀ ਸਾਰੇ ਇੰਤਜ਼ਾਮ ਕਰ ਲਏ ਗਏ ਹਨ। ਜਿਨ੍ਹਾਂ ਵਿਅਕਤੀਆਂ ਨੇ ਪਹਿਲਾਂ ਕੋਵਿਸ਼ੀਲਡ ਦਾ ਟੀਕਾ ਲਗਵਾਇਆ ਹੈ ਉਨ੍ਹਾਂ ਨੂੰ ਮੁੜ ਕੋਵਿਸ਼ੀਲਡ ਵੈਕਸੀਨ ਦਾ ਡੋਜ਼ ਦਿੱਤਾ ਜਾਵੇਗਾ ਤੇ ਜਿਨ੍ਹਾਂ ਵਿਅਕਤੀਆਂ ਨੇ ਪਹਿਲਾਂ ਕੋਵੈਕਸੀਨ ਦਾ ਡੋਜ਼ ਲਿਆ ਹੈ, ਉਨ੍ਹਾਂ ਨੂੰ ਮੁੜ ਕੋਵੈਕਸੀਨ ਦਾ ਡੋਜ਼ ਹੀ ਦਿੱਤਾ ਜਾਵੇਗਾ।