ਨਵੀਂ ਦਿੱਲੀ, 17 ਜਨਵਰੀ
ਟੀਕਾਕਰਨ ਸਬੰਧੀ ਕੌਮੀ ਤਕਨੀਕੀ ਸਲਾਹਕਾਰ ਸਮੂਹ ਦੇ ਕੋਵਿਡ-19 ਕਾਰਜ ਸਮੂਹ ਦੇ ਪ੍ਰਧਾਨ ਡਾ. ਐੱਨ.ਕੇ. ਅਰੋੜਾ ਨੇ ਅੱਜ ਕਿਹਾ ਕਿ ਭਾਰਤ ਵਿਚ ਮਾਰਚ ’ਚ 12 ਤੋਂ 14 ਸਾਲ ਉਮਰ ਵਰਗ ਦੇ ਬੱਚਿਆਂ ਦਾ ਕੋਵਿਡ ਖ਼ਿਲਾਫ਼ ਟੀਕਾਕਰਨ ਸ਼ੁਰੂ ਹੋ ਸਕਦਾ ਹੈ ਕਿਉਂਕਿ ਉਸ ਸਮੇਂ ਤੱਕ 15-18 ਸਾਲ ਦੀ ਆਬਾਦੀ ਦਾ ਪੂਰੀ ਤਰ੍ਹਾਂ ਟੀਕਾਕਰਨ ਹੋਣ ਦਾ ਅਨੁਮਾਨ ਹੈ। ਉਨ੍ਹਾਂ ਕਿਹਾ ਕਿ 15-18 ਸਾਲ ਉਮਰ ਵਰਗ ਵਿਚ ਅਨੁਮਾਨਿਤ 7.4 ਕਰੋੜ ਆਬਾਦੀ ’ਚੋਂ 3.45 ਕਰੋੜ ਨੂੰ ਹੁਣ ਤੱਕ ਕੋਵੈਕਸੀਨ ਦੀ ਪਹਿਲੀ ਖੁਰਾਕ ਦਿੱਤੀ ਜਾ ਚੁੱਕੀ ਹੈ ਤੇ 28 ਦਿਨਾਂ ਵਿਚ ਉਨ੍ਹਾਂ ਨੂੰ ਦੂਜੀ ਖੁਰਾਕ ਦੇ ਦਿੱਤੀ ਜਾਵੇਗੀ। ਅਰੋੜਾ ਨੇ ਕਿਹਾ ਕਿ 15-18 ਸਾਲ ਉਮਰ ਵਰਗ ਦਾ ਟੀਕਾਕਰਨ ਹੋਣ ਮਗਰੋਂ, ਸਰਕਾਰ ਮਾਰਚ ਵਿਚ 12-14 ਸਾਲ ਉਮਰ ਵਰਗ ਲਈ ਟੀਕਾਕਰਨ ਮੁਹਿੰਮ ਸ਼ੁਰੂ ਕਰਨ ਬਾਰੇ ਫੈਸਲਾ ਲੈ ਸਕਦੀ ਹੈ।