ਨਵੀਂ ਦਿੱਲੀ, 17 ਮਾਰਚ
ਕੋਵਿਡ-19 ਦੇ ਵਧਦੇ ਮਾਮਲਿਆਂ ਦੇ ਮੱਦੇਨਜ਼ਰ ਬੀਸੀਸੀਆਈ ਮੰਗਲਵਾਰ ਤੋਂ ਮੁੰਬਈ ਸਥਿਤ ਆਪਣੇ ਮੁੱਖ ਦਫ਼ਤਰ ਬੰਦ ਕਰ ਦੇਵੇਗਾ ਅਤੇ ਉਸ ਨੇ ਆਪਣੇ ਮੁਲਾਜ਼ਮਾਂ ਨੂੰ ਘਰਾਂ ਤੋਂ ਕੰਮ ਕਰਨ ਲਈ ਕਿਹਾ ਹੈ। ਇਸ ਦੌਰਾਨ ਆਈਪੀਐੱਲ ਦੀਆਂ ਅੱਠ ਫਰੈਂਚਾਈਜ਼ੀ ਨੇ ਟੂਰਨਾਮੈਂਟ ਤੋਂ ਪਹਿਲਾਂ ਆਪਣੇ ਕੈਂਪ ਅਗਲੀ ਸੂਚਨਾ ਤੱਕ ਰੱਦ ਕਰ ਦਿੱਤੇ ਹਨ।
ਭਾਰਤੀ ਕ੍ਰਿਕਟ ਬੋਰਡ ਵੱਲੋਂ ਸਾਰੀਆਂ ਕ੍ਰਿਕਟ ਸਰਗਰਮੀਆਂ ਅਗਲੇ ਨੋਟਿਸ ਤੱਕ ਪਹਿਲਾਂ ਹੀ ਮੁਲਤਵੀ ਕੀਤੀਆਂ ਹੋਈਆਂ ਹਨ। ਅਜਿਹੇ ਵਿੱਚ ਪਤਾ ਚੱਲਿਆ ਹੈ ਕਿ ਕਰਮਚਾਰੀਆਂ ਨੂੰ ਵੀ ਘਰਾਂ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ। ਬੋਰਡ ਦੇ ਸੀਨੀਅਰ ਸੂਤਰਾਂ ਨੇ ਗੁਪਤਤਾ ਦੀ ਸ਼ਰਤ ’ਤੇ ਦੱਸਿਆ, ‘‘ਬੀਸੀਸੀਆਈ ਦੇ ਕਰਮਚਾਰੀਆਂ ਨੂੰ ਅੱਜ ਸੂਚਿਤ ਕੀਤਾ ਗਿਆ ਕਿ ਕੋਵਿਡ-19 ਦੇ ਕਾਰਨ ਵਾਨਖੇੜੇ ਸਟੇਡੀਅਮ ਦਾ ਮੁੱਖ ਦਫ਼ਤਰ ਬੰਦ ਰਹੇਗਾ। ਸਾਰੇ ਕਰਮਚਾਰੀਆਂ ਨੂੰ ਘਰਾਂ ਤੋਂ ਕੰਮ ਕਰਨ ਲਈ ਕਿਹਾ ਗਿਆ ਹੈ।’’
ਬੀਸੀਸੀਆਈ ਨੇ ਪਹਿਲਾਂ ਹੀ ਆਈਪੀਐੱਲ ਨੂੰ 15 ਅਪਰੈਲ ਤੱਕ ਮੁਲਤਵੀ ਕਰ ਦਿੱਤਾ ਹੈ, ਜਦਕਿ ਇਰਾਨੀ ਕੱਪ ਅਤੇ ਮਹਿਲਾ ਚੈਲੇਂਜਰ ਟਰਾਫ਼ੀ ਸਣੇ ਸਾਰੇ ਘਰੇਲੂ ਟੂਰਨਾਮੈਂਟ ਵੀ ਟਾਲ ਦਿੱਤੇ ਗਏ ਹਨ। ਭਾਰਤ ਵਿੱਚ ਹੁਣ ਤੱਕ ਕਰੋਨਾਵਾਇਰਸ ਦੇ 114 ਮਾਮਲੇ ਸਾਹਮਣੇ ਆਏ ਹਨ, ਜਦੋਂਕਿ ਦੋ ਮੌਤਾਂ ਹੋ ਚੁੱਕੀਆਂ ਹਨ। ਵਿਸ਼ਵ ਪੱਧਰ ’ਤੇ ਇਸ ਵਾਇਰਸ ਕਾਰਨ ਮਰਨ ਵਾਲਿਆਂ ਦੀ ਗਿਣਤੀ ਛੇ ਹਜ਼ਾਰ ਨੂੰ ਟੱਪ ਗਈ ਗਈ ਹੈ ਅਤੇ ਡੇਢ ਲੱਖ ਤੋਂ ਵੱਧ ਪੀੜਤ ਹਨ। ਭਾਰਤ ਅਤੇ ਵਿਦੇਸ਼ਾਂ ਵਿੱਚ ਵੱਧ ਤੋਂ ਵੱਧ ਕੰਪਨੀਆਂ ਆਪਣੇ ਕਰਮਚਾਰੀਆਂ ਨੂੰ ਘਰਾਂ ਤੋਂ ਕੰਮ ਕਰਨ ਕਹਿ ਰਹੀਆਂ ਹਨ। ਬੀਸੀਸੀਆਈ ਨੇ ਵੀ ਇਹੋ ਰੁਖ਼ ਅਪਣਾਇਆ ਹੈ। ਇਹ ਵੀ ਪਤਾ ਚੱਲਿਆ ਹੈ ਕਿ ਨੈਸ਼ਨਲ ਕ੍ਰਿਕਟ ਅਕੈਡਮੀ (ਐੱਨਸੀਏ) ਨੇ ਆਪਣੇ ਵੱਖ-ਵੱਖ ਖੇਤਰੀ ਕੈਂਪਾਂ ਨੂੰ ਬੰਦ ਕਰ ਦਿੱਤਾ ਹੈ, ਪਰ ਬੰਗਲੌਰ ਕੇਂਦਰ ਵਿੱਚ ਰਿਹੈਬਿਲੀਟੇਸ਼ਨ ਪ੍ਰੋਗਰਾਮ ਅਜੇ ਚੱਲ ਰਿਹਾ ਹੈ।
ਦੂਜੇ ਪਾਸੇ ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) 15 ਅਪਰੈਲ ਤੱਕ ਮੁਲਤਵੀ ਹੋਣ ਮਗਰੋਂ ਲੀਗ ਦੀਆਂ ਅੱਠ ਫਰੈਚਾਇਜ਼ੀ ਨੇ ਟੂਰਨਾਮੈਂਟ ਤੋਂ ਪਹਿਲਾਂ ਦੇ ਆਪਣੇ ਕੈਂਪ ਅਗਲੀ ਸੂਚਨਾ ਤੱਕ ਰੱਦ ਕਰ ਦਿੱਤੇ ਹਨ। ਰੌਇਲ ਚੈਲੇਂਜਰਜ਼ ਬੰਗਲੌਰ ਨੇ ਅੱਜ ਆਪਣਾ ਅਭਿਆਸ ਕੈਂਪ ਰੱਦ ਕਰ ਦਿੱਤਾ, ਜੋ 21 ਮਾਰਚ ਤੋਂ ਸ਼ੁਰੂ ਹੋਣਾ ਸੀ। ਤਿੰਨ ਵਾਰ ਦੇ ਚੈਂਪੀਅਨ ਮੁੰਬਈ ਇੰਡੀਅਨਜ਼, ਚੇਨੱਈ ਸੁਪਰ ਕਿੰਗਜ਼ ਅਤੇ ਕੋਲਕਾਤਾ ਨਾਈਟ ਰਾਈਡਰਜ਼ ਨੇ ਆਪਣੇ ਕੈਂਪ ਪਹਿਲਾਂ ਹੀ ਰੱਦ ਕਰ ਦਿੱਤੇ ਹਨ। ਰੌਇਲ ਚੈਲੇਂਜਰਜ਼ ਬੰਗਲੌਰ ਨੇ ਟਵੀਟ ਕੀਤਾ, “ਸਾਰਿਆਂ ਦੀ ਸੁਰੱਖਿਆ ਅਤੇ ਸਿਹਤ ਨੂੰ ਧਿਆਨ ’ਚ ਰੱਖਦਿਆਂ 21 ਮਾਰਚ ਤੋਂ ਸ਼ੁਰੂ ਹੋਣ ਵਾਲਾ ਆਰਸੀਬੀ ਅਭਿਆਸ ਕੈਂਪ ਅਗਲੇ ਨੋਟਿਸ ਤੱਕ ਰੱਦ ਕਰ ਦਿੱਤਾ ਗਿਆ ਹੈ। ਅਸੀਂ ਸਾਰਿਆਂ ਨੂੰ ਸਿਹਤ ਮੰਤਰਾਲੇ ਦੇ ਦਿਸ਼ਾ-ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਸੁਰੱਖਿਅਤ ਰਹਿਣ ਦੀ ਅਪੀਲ ਕਰਦੇ ਹਾਂ।’’ ਆਰਸੀਬੀ ਦਾ ਕਪਤਾਨ ਵਿਰਾਟ ਕੋਹਲੀ ਹੈ। ਤਿੰਨ ਵਾਰ ਦੀ ਚੈਂਪੀਅਨ ਸੀਐੱਸਕੇ ਨੇ ਸ਼ਨਿਚਰਵਾਰ ਨੂੰ ਹੀ ਕੈਂਪ ਮੁਲਤਵੀ ਕਰ ਦਿੱਤਾ, ਜਿਸ ਮਗਰੋਂ ਮਹਿੰਦਰ ਸਿੰਘ ਧੋਨੀ ਚੇਨੱਈ ਤੋਂ ਰਵਾਨਾ ਹੋ ਗਿਆ।