ਵਾਸ਼ਿੰਗਟਨ, 6 ਦਸੰਬਰ
ਅਮਰੀਕਾ ਦੇ ਨਿਊਯਾਰਕ ਵਿਚ ਸ਼ਨਿਚਰਵਾਰ ਨੂੰ ਕਰੋਨਾਵਾਇਰਸ ਦੇ ਨਵੇਂ ਸਰੂਪ ਓਮੀਕਰੋਨ ਦੇ ਤਿੰਨ ਹੋਰ ਮਾਮਲੇ ਸਾਹਮਣੇ ਆਏ ਅਤੇ ਇਸ ਨਾਲ ਸੂਬੇ ਵਿਚ ਕਰੋਨਾਵਾਇਰਸ ਦੇ ਨਵੇਂ ਸਰੂਪ ਨਾਲ ਪੀੜਤ ਮਰੀਜ਼ਾਂ ਦੀ ਗਿਣਤੀ ਵਧ ਕੇ ਅੱਠ ਹੋ ਗਈ ਹੈ। ਇਸ ਤੋਂ ਇਲਾਵਾ ਅਮਰੀਕਾ ਵਿਚ ਉਨ੍ਹਾਂ ਸੂਬਿਆਂ ਦੀ ਗਿਣਤੀ ਵਧ ਗਈ ਹੈ ਜਿੱਥੇ ਓਮੀਕਰੋਨ ਸਰੂਪ ਦੇ ਪਹਿਲੇ ਮਾਮਲੇ ਸਾਹਮਣੇ ਆਏ ਹਨ।
ਸੂਬੇ ਦੇ ਸਿਹਤ ਕਮਿਸ਼ਨਰ ਮੈਰੀ ਬੈਸੈੱਟ ਨੇ ਇਕ ਨਿਊਜ਼ ਰਿਲੀਜ਼ ਵਿਚ ਕਿਹਾ, ‘‘ਓਮੀਕਰੋਨ ਸਰੂਪ ਇੱਥੇ ਫੈਲ ਗਿਆ ਹੈ ਅਤੇ ਜਿਵੇਂ ਕਿ ਸੰਭਾਵਨਾ ਸੀ, ਹੁਣ ਕਮਿਊਨਿਟੀ ਵਿਚ ਇਹ ਨਵਾਂ ਸਰੂਪ ਫੈਲਦਾ ਦਿਖ ਰਿਹਾ ਹੈ।’’
ਅਜਿਹੇ ਸੂਬਿਆਂ ਦੀ ਗਿਣਤੀ ਵੀ ਵਧਦੀ ਜਾ ਰਹੀ ਹੈ ਜਿਨ੍ਹਾਂ ਵਿਚ ਕਰੋਨਾ ਦੇ ਇਸ ਨਵੇਂ ਸਰੂਪ ਦੇ ਮਾਮਲੇ ਸਾਹਮਣੇ ਆ ਰਹੇ ਹਨ। ਇਨ੍ਹਾਂ ਸੂਬਿਆਂ ਵਿੱਚੋਂ ਨਿਊ ਜਰਸੀ, ਜੌਰਜੀਆ, ਪੈਨਸਿਲਵੇਨੀਆ ਅਤੇ ਮੈਰੀਲੈਂਡ ਵਿਚ ਸ਼ੁੱਕਰਵਾਰ ਨੂੰ ਪਹਿਲੀ ਵਾਰ ਇਸ ਸਰੂਪ ਦੇ ਮਾਮਲੇ ਸਾਹਮਣੇ ਆਏ ਸਨ ਜਦਕਿ ਮਿਸੂਰੀ ਵਿਚ ਵੀ ਇਸ ਦਾ ਮਾਮਲਾ ਸਾਹਮਣੇ ਆਇਆ ਹੈ।
ਇਸ ਤੋਂ ਇਲਾਵਾ ਨੈਬ੍ਰਾਸਕਾ, ਮਿਨੈਸੋਟਾ, ਕੈਲੀਫੋਰਨੀਆ, ਹਵਾਈ, ਕੋਲੋਰਾਡੋ ਅਤੇ ਉਟਾਹ ਵਿਚ ਵੀ ਓਮੀਕਰੋਨ ਸਰੂਪ ਦੇ ਮਾਮਲੇ ਸਾਹਮਣੇ ਆਏ ਹਨ। ਨਿਊਯਾਰਕ ਸੂਬੇ ਵਿੱਚੋਂ ਸੱਤ ਮਾਮਲੇ ਨਿਊਯਾਰਕ ਸਿਟੀ ’ਚ ਮਿਲੇ ਹਨ ਜਦਕਿ ਇਕ ਹੋਰ ਮਰੀਜ਼ ਸੂਫੋਲਕ ਕਾਊਂਟੀ ਵਿਚ ਮਿਲਿਆ ਹੈ।
ਓਮੀਕਰੋਨ ਸਰੂਪ ਦੇ ਮਾਮਲੇ ਅਜਿਹੇ ਸਮੇਂ ਵਿਚ ਸਾਹਮਣੇ ਆ ਰਹੇ ਹਨ ਜਦੋਂ ਸੂਬੇ ਭਰ ਦੇ ਹਸਪਤਾਲਾਂ ’ਤੇ ਕਰੋਨਾਵਾਇਰਸ ਦੇ ਵਧਦੇ ਮਾਮਲਿਆਂ ਕਰ ਕੇ ਪਹਿਲਾਂ ਤੋਂ ਦਬਾਅ ਹੈ ਅਤੇ ਉਹ ਸਿਹਤ ਅਮਲੇ ਦੀ ਘਾਟ ਨਾਲ ਜੂਝ ਰਹੇ ਹਨ। ਇਨ੍ਹਾਂ ਵਿੱਚੋਂ ਜ਼ਿਆਦਾਤਰ ਮਾਮਲਿਆਂ ਦਾ ਸਬੰਧ ਡੈਲਟਾ ਸਰੂਪ ਨਾਲ ਹੈ। ਸੂਬੇ ਭਰ ਵਿਚ ਹਰ ਰੋਜ਼ ਨਵੇਂ ਪਾਜ਼ੇਟਿਵ ਪਾਏ ਜਾਣ ਵਾਲੇ ਮਰੀਜ਼ਾਂ ਦੀ ਗਿਣਤੀ ਪਿਛਲੇ 30 ਦਿਨਾਂ ਵਿਚ ਦੁੱਗਣੀ ਹੋ ਗਈ ਹੈ। ਨਿਊਯਾਰਕ ਦੀ ਗਵਰਨਰ ਕੈਥੀ ਹੋਚੁਲ ਨੇ ਹਸਪਤਾਲਾਂ ਵਿਚ ਗੈਰ-ਜ਼ਰੂਰੀ ਪ੍ਰਕਿਰਿਆਵਾਂ ਨੂੰ ਸੀਮਿਤ ਕਰਨ ਲਈ ਹਾਲ ਹੀ ਵਿਚ ਸਿਹਤ ਵਿਭਾਗ ਨੂੰ ਅਧਿਕਾਰਤ ਕੀਤਾ ਹੈ ਅਤੇ ਸਿਹਤ ਕਾਮਿਆਂ ਦੀ ਘਾਟ ਵਰਗੀਆਂ ਸਮੱਸਿਆਵਾਂ ਤੇ ਲਾਗ ਦੇ ਵਧਦੇ ਮਾਮਲਿਆਂ ਕਰ ਕੇ ਦਬਾਅ ਝੱਲ ਰਹੇ ਸਿਹਤ ਕੇਂਦਰਾਂ ਦੀ ਮਦਦ ਲਈ ਕੌਮੀ ਗਾਰਡ ਟੀਮਾਂ ਨੂੰ ਤਾਇਨਾਤ ਕੀਤਾ ਹੈ।