ਕਰਾਚੀ, 8 ਮਈ
ਪਾਕਿਸਤਾਨ ਆਪਣੇ ਪਾਣੀਆਂ ਵਿੱਚ ਗੈਰ-ਕਾਨੂੰਨੀ ਮੱਛੀਆਂ ਫੜਨ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤੇ 199 ਭਾਰਤੀ ਮਛੇਰਿਆਂ ਨੂੰ ਸ਼ੁੱਕਰਵਾਰ ਨੂੰ ਰਿਹਾਅ ਕਰ ਦੇਵੇਗਾ। ਇਸ ਦੌਰਾਨ ਇਕ ਭਾਰਤੀ ਨਾਗਰਿਕ, ਜਿਸ ਨੂੰ 199 ਮਛੇਰਿਆਂ ਦੇ ਨਾਲ ਵਾਪਸ ਭੇਜਿਆ ਜਾਣਾ ਸੀ, ਦੀ ਇਸ ਮੌਤ ਹੋ ਗਈ। ਸਿੰਧ ਵਿੱਚ ਜੇਲ੍ਹਾਂ ਅਤੇ ਸੁਧਾਰ ਵਿਭਾਗ ਦੇ ਉੱਚ ਅਧਿਕਾਰੀ ਕਾਜ਼ੀ ਨਜ਼ੀਰ ਨੇ ਕਿਹਾ ਕਿ ਉਨ੍ਹਾਂ ਨੂੰ ਸਬੰਧਤ ਮੰਤਰਾਲਿਆਂ ਨੇ ਸ਼ੁੱਕਰਵਾਰ ਨੂੰ 199 ਮਛੇਰਿਆਂ ਨੂੰ ਰਿਹਾਅ ਕਰਨ ਅਤੇ ਉਨ੍ਹਾਂ ਦੀ ਵਾਪਸੀ ਦੀਆਂ ਤਿਆਰੀਆਂ ਕਰਨ ਲਈ ਕਿਹਾ ਹੈ। ਇਨ੍ਹਾਂ ਮਛੇਰਿਆਂ ਨੂੰ ਲਾਹੌਰ ਭੇਜਿਆ ਜਾਵੇਗਾ ਅਤੇ ਵਾਹਗਾ ਸਰਹੱਦ ‘ਤੇ ਭਾਰਤੀ ਅਧਿਕਾਰੀਆਂ ਨੂੰ ਸੌਂਪਿਆ ਜਾਵੇਗਾ। ਇਹ ਮਛੇਰੇ ਇਸ ਸਮੇਂ ਇੱਥੋਂ ਦੀ ਲਾਂਧੀ ਜੇਲ੍ਹ ਵਿੱਚ ਬੰਦ ਹਨ। ਭਾਰਤੀ ਨਾਗਰਿਕ ਜ਼ੁਲਫਕਾਰ ਦੀ ਬਿਮਾਰੀ ਕਾਰਨ ਸ਼ਨਿਚਰਵਾਰ ਨੂੰ ਕਰਾਚੀ ਦੇ ਹਸਪਤਾਲ ‘ਚ ਮੌਤ ਹੋ ਗਈ। ਮਛੇਰਿਆਂ ਦੇ ਨਾਲ ਜ਼ੁਲਫ਼ਕਾਰ ਨੂੰ ਵੀ ਰਿਹਾਅ ਕੀਤਾ ਜਾਣਾ ਸੀ।